ਭਿੱਖੀਵਿੰਡ, 4 ਫਰਵਰੀ (ਬੌਬੀ)- ਮੁੱਖ ਮੰਤਰੀ ਸਿਹਤ ਬੀਮਾ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 10 ਲੱਖ ਹਰ ਪਰਿਵਾਰ ਦਾ ਕਹਿ ਕੇ ਬਣਾਇਆ ਜਾ ਰਿਹਾ ਹੈ, ਉਸ ਵਿਚ ਸਰਕਾਰ ਲੋਕਾਂ ਨੂੰ ਵੱਡੇ ਪੱਧਰ 'ਤੇ ਗੁਮਰਾਹ ਕਰ ਰਹੀ ਹੈ ਕਿਉਂਕਿ ਜੋ ਪਹਿਲਾਂ ਪ੍ਰਧਾਨ ਮੰਤਰੀ ਸਿਹਤ ਬੀਮਾ ਦਾ ਕਾਰਡ ਬਣਦਾ ਸੀ ਉਹ ਹਰ ਵਿਅਕਤੀ ਦਾ ਪੰਜ ਲੱਖ ਰੁਪਏ ਤੱਕ ਦਾ ਇਲਾਜ ਹੁੰਦਾ ਸੀ | ਜਿਸ ਵਿਚ ਬਿੱਲ ਚਾਹੇ 4 ਲੱਖ ਬਣ ਜਾਵੇ ਚਾਹੇ ਪੰਜ ਲੱਖ ਬਣ ਜਾਵੇ ਇਕ ਕਾਰਡ ਵਿਚੋਂ ਕੱਟਿਆ ਜਾਂਦਾ ਸੀ ਜਦ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਿਚ ਅਜਿਹੀ ਕੋਈ ਗੱਲ ਨਹੀਂ ਹੈ | 200 ਦੇ ਕਰੀਬ ਕੈਟਾਗਰੀਆਂ ਬਣਵਾਈਆਂ ਗਈਆਂ ਹਨ ਜਿਸ ਵਿਚ ਹਾਰਟ ਅਟੈਕ ਜਿਸ 'ਤੇ ਲੋਕਾਂ ਦਾ ਲੱਖਾਂ ਰੁਪਏ ਖਰਚ ਹੁੰਦਾ ਹੈ ਉਸ ਨੂੰ ਵੀ ਸਿਰਫ 40 ਹਜ਼ਾਰ ਦੇ ਅੰਦਰ ਹੀ ਰੱਖਿਆ ਗਿਆ ਹੈ, ਜੋ ਸਰਾਸਰ ਗਲਤ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਨਦੀਪ ਸਿੰਘ ਨਾਰਲੀ ਸੀਨੀਅਰ ਆਗੂ ਅਕਾਲੀ ਦਲ ਵਾਰਸ ਪੰਜਾਬ ਦੇ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਕ ਤਾਂ ਪਹਿਲਾਂ ਕਾਰਡ ਬਣਾਉਣ ਸਮੇਂ ਆਮ ਆਦਮੀ ਪਾਰਟੀ ਦੇ ਵਰਕਰਾਂ ਪਾਸ ਜਾ ਕੇ ਲੋਕਾਂ ਨੂੰ ਚੱਕਰ ਕੱਟਣੇ ਪੈ ਰਹੇ ਹਨ ਅਤੇ ਪਿੰਡਾਂ ਦੇ ਕਈ ਸਰਪੰਚ ਵਿਰੋਧੀ ਧਿਰ ਦੇ ਲੋਕਾਂ ਨੂੰ ਕਹਿ ਰਹੇ ਹਨ ਕਿ ਅਜੇ ਸਾਡੀ ਨਹੀਂ ਚੱਲਦੀ ਅਤੇ ਵਾਰ-ਵਾਰ ਉਨ੍ਹਾਂ ਨੂੰ ਚੱਕਰ ਮਰਵਾ ਕੇ ਜਲੀਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਭਰਮ ਭੁਲੇਖਿਆਂ ਵਿਚ ਹੁਣ ਪੰਜਾਬ ਦੇ ਲੋਕ ਨਹੀਂ ਪੈਣਗੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੱਲਦਾ ਕਰਕੇ ਅੰਮਿ੍ਤਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ |