ਭਿੱਖੀਵਿੰਡ, 23 ਫਰਵਰੀ (ਬੌਬੀ)-ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਜੋ ਭਾਰਤ ਖਾਸ ਕਰ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਆਦਾਤਰ ਲੋਕ ਉਹਨਾਂ ਤੋਂ ਵਾਂਝੇ ਹੀ ਰਹਿ ਜਾਂਦੇ ਹਨ, ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਦਾ ਕੋਈ ਬੱਚਾ ਪ੍ਰਚਾਰ ਪ੍ਰਸਾਰ ਨਹੀਂ ਕਰਦੀ, ਇਸ ਲਈ ਹੁਣ ਹਲਕਾ ਖੇਮਕਰਨ ਦੇ ਪਿੰਡ-ਪਿੰਡ 'ਚ ਸੁਵਿਧਾ ਕੈਂਪ ਲਗਾ ਕੇ ਲੋਕਾਂ ਦੇ ਫਾਰਮ ਭਰੇ ਜਾਣਗੇ, ਤਾਂ ਜੋ ਲੋਕਾਂ ਨੂੰ ਮੁਫ਼ਤ ਗੈਸ ਸਿਲੰਡਰ ਮਿਲ ਸਕੇ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਤੇ ਰੇਲਵੇ ਬੋਰਡ ਦੇ ਮੈਂਬਰ ਸਿਤਾਰਾ ਸਿੰਘ ਸੰਧੂ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਵੱਡੀ ਪੱਧਰ 'ਤੇ ਲੋਕ ਇਨ੍ਹਾਂ ਕੈਂਪਾਂ 'ਚ ਸ਼ਾਮਿਲ ਹੋ ਕੇ ਸੁਵਿਧਾਵਾਂ ਲੈ ਰਹੇ ਹਨ | ਉਨ੍ਹਾਂ ਖਾਸ ਕਰਕੇ ਪਿਛਲੇ ਦਿਨੀਂ ਗੁੰਡਾਗਰਦੀ ਦੀਆਂ ਵੱਡੀਆਂ ਵਾਰਦਾਤਾਂ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਪੰਜਾਬ 'ਚ ਕੋਈ ਵੀ ਸੁਰੱਖਿਅਤ ਨਹੀਂ ਹੈ | ਖਾਸ ਕਰਕੇ ਸਾਡੀਆਂ ਧੀਆਂ ਭੈਣਾਂ ਘਰੋਂ ਬਾਹਰ ਨਿਕਲਣ ਨੂੰ ਵੀ ਡਰਦੀਆਂ ਹਨ | ਉਨ੍ਹਾਂ ਭਗਵੰਤ ਮਾਨ ਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੈ ਤੇ ਲੋਕ ਹੁਣ ਪੰਜਾਬ ਅੰਦਰ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਖਣਾ ਚਾਹੁੰਦੇ ਹਨ | ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |