ਤਰਨ ਤਾਰਨ, 23 ਫਰਵਰੀ (ਇਕਬਾਲ ਸਿੰਘ ਸੋਢੀ)- ਕੇਂਦਰੀ ਜੇਲ੍ਹ ਗੋਇੰਦਵਾਲ ਦੀ ਚੈਕਿੰਗ ਦੌਰਾਨ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਣ 'ਤੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਲਿਖਤੀ ਸ਼ਿਕਾਇਤ ਦਰਜ ਕਰਵਆਈ ਕਿ 22 ਫਰਵਰੀ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪੱਟੀ ਪਾਸੋਂ 1 ਟੱਚ ਫੋਨ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ 20 ਫਰਵਰੀ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ 137 ਪੁੜੀਆ ਤੰਬਾਕੂ, 68 ਪੁੜੀਆ ਕੁਲਲਿੱਪ, 136 ਬੀੜੀਆਂ ਦੇ ਬੰਡਲ, 12 ਸਿਗਰਟ ਡੱਬੀਆਂ, 16 ਲਾਈਟਰ, 29 ਮੱਥੂ ਮਨੱਕੇ ਆਦਿ ਲਵਾਰਿਸ ਹਾਲਤ ਵਿਚ ਮਿਲੇ ਹਨ | ਥਾਣਾ ਗੋਇੰਦਵਾਲ ਦੀ ਪੁਲਿਸ ਨੇ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਜੇਲ੍ਹ ਵਿਚ ਪਾਬੰਦੀਸ਼ੁਦਾ ਸਮਾਨ ਕਿਸ ਤਰ੍ਹਾਂ ਪਹੁੰਚਿਆ |