ਤਰਨ ਤਾਰਨ, 24 ਫਰਵਰੀ (ਇਕਬਾਲ ਸਿੰਘ ਸੋਢੀ)-ਬੇਰੁਜ਼ਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੇ ਦਿਸ਼ਾ- ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਸੁਰਿੰਦਰ ਸਿੰਘ ਦੀ ਰਹਿਨੁਮਾਈ ਹੇਠ 26 ਫਰਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਕਮਰਾ ਨੰਬਰ 115 ਡੀ.ਸੀ ਦਫਤਰ ਕੰਪਲੈਕਸ ਸਰਹਾਲੀ ਰੋਡ ਪਿੰਡ ਪਿੱਦੀ ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਅਤੇ ਸਵੈ-ਰੁਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਤਰਨ ਤਾਰਨ ਵਿਕਰਮਜੀਤ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਜਗਦੰਬੇ ਹੋਮ ਫਰਨਿਸ਼ਿੰਗ ਕੰਪਨੀ ਭਾਗ ਲੈ ਰਹੀ ਹੈ | ਕੰਪਨੀ ਨੂੰ ਅਕਾਊਾਟੈਂਟ, ਸੀ.ਸੀ.ਟੀ.ਵੀ ਕੈਮਰਾ ਟੈਕਨੀਸ਼ੀਅਨ, ਡਿਜੀਟਲ ਮਾਰਕੀਟਿੰਗ, ਸੁਪਰਵਾਈਜ਼ਰ, ਈ-ਕਾਮਰਸ ਐਕਜ਼ੀਕਿਊਟਵ, ਮੈਨੇਂਜਰ, ਡਰਾਈਵਰ, ਟੇਲੀਕਾਲਰਾਂ ਉਮਰ ਹੱਦ 18 ਤੋਂ 35 ਸਾਲ ਉਮੀਦਵਾਰਾਂ ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ, ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਤਰਨ ਤਾਰਨ, ਡਿਪਟੀ ਡਾਇਰੈਕਟਰ ਮੱਛੀ ਪਾਲਣ ਤਰਨ ਤਾਰਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਤਰਨ ਤਾਰਨ, ਜ਼ਿਲ੍ਹਾ ਮੈਨੇਜਰ ਐੱਸ.ਸੀ.ਐੱਫ.ਸੀ ਤਰਨ ਤਾਰਨ, ਲੀਡ ਜ਼ਿਲ੍ਹਾ ਮੈਨੇਜਰ ਤਰਨ ਤਾਰਨ ਦੇ ਸਹਿਯੋਗ ਨਾਲ ਸਵੈ-ਰੁਜ਼ਗਾਰ ਕੈਂਪ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ | ਇਸ ਕੈਂਪ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਉਪਲਬੱਧ ਸਵੈ-ਰੁਜ਼ਗਾਰ ਸਕੀਮਾਂ/ਟ੍ਰੇਨਿੰਗ/ਰੁਜ਼ਗਾਰ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ | ਇਸ ਤੋ ਇਲਾਵਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਚੱਲ ਰਹੀ ਡੀ.ਡੀ.ਯੂ.ਜੀ.ਕੇ.ਵਾਈ. ਸਕੀਮ ਰਾਹੀਂ ਸਪਲਾਈ ਚੇਨ ਐਗਜ਼ੀਕਿਊਟਿਵ ਦਾ ਸਕਿੱਲ ਕੋਰਸ ਐੱਸ.ਐੱਫ.ਡੀ.ਟੀ. ਸੈਂਟਰ ਗੋਇੰਦਵਾਲ ਵਿਖੇ ਕੇਵਲ ਲੜਕੀਆਂ ਨੂੰ ਕਰਵਾਇਆ ਜਾਣਾ ਹੈ | ਜਿਸ ਦੀ ਯੋਗਤਾ ਬਾਰ੍ਹਵੀਂ ਪਾਸ, ਉਮਰ 18 ਤੋਂ 35 ਸਾਲ ਹੈ | ਇਸ ਮੁਫ਼ਤ ਕੋਰਸ ਦੇ ਨਾਲ ਰਹਿਣ ਅਤੇ ਖਾਣ-ਪੀਣ ਦਾ ਖ਼ਰਚਾ ਵੀ ਸਰਕਾਰ ਵਲੋਂ ਕੀਤਾ ਜਾਵੇਗਾ |