ਤਰਨ ਤਾਰਨ, 24 ਫਰਵਰੀ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਦੇ ਪਿੰਡ ਕੱਦਗਿੱਲ ਤੋਂ ਹਰ ਸਾਲ ਦੀ ਤਰ੍ਹਾਂ ਹੋਲਾ-ਮਹੱਲਾ ਦੇ ਸੰਬੰਧ ਵਿਚ ਸ਼ਹੀਦ ਬਾਬਾ ਵੱਸਣ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸਜਾਇਆ ਗਿਆ | ਇਹ ਨਗਰ ਕੀਰਤਨ ਪਿੰਡ ਦੇ ਲੰਗਰ ਘਰ ਤੋਂ ਆਰੰਭ ਹੋਇਆ ਅਤੇ ਗੁਰਦੁਆਰਾ ਪਾਤਸ਼ਾਹੀ ਪੰਜਵੀ ਕੱਦਗਿੱਲ ਤੋਂ ਪਿੰਡ ਬਹਿਲਾ, ਮੁਗਲਚੱਕ ਤੇ ਕੱਕਾ ਕੰਡਿਆਲਾ ਪਹੁੰਚਿਆ, ਜਿਥੇ ਸੰਗਤ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਸਮੂਹ ਸੰਗਤ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ | ਸ਼ਬਦੀ ਜਥੇ ਵਲੋਂ ਗੁਰੂ ਜਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ | ਫੁੱਲਾਂ ਨਾਲ ਸਜੀ ਪਾਲਕੀ ਸਾਹਿਬ 'ਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਗਤ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ | ਪਾਲਕੀ ਸਾਹਿਬ ਦੇ ਅੱਗੇ ਸੰਗਤ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਝਾੜੂ ਦੀ ਸੇਵਾ ਕਰ ਰਹੀ ਸੀ | ਇਹ ਨਗਰ ਕੀਰਤਨ ਕੱਕਾ ਕੰਡਿਆਲਾ ਤੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ ਬੋਹੜੀ ਚੌਕ, ਜੰਡਿਆਲਾ ਰੋਡ, ਮਲੀਆ ਪਿੰਡ ਤੋਂ ਹੋ ਕੇ ਵੱਖ-ਵੱਖ ਪਿੰਡਾਂ ਦੀ ਪ੍ਰਕਰਮਾ ਕਰਦਾ ਹੋਇਆ ਮੁੜ ਕੱਦਗਿੱਲ ਦੇ ਲੰਗਰ ਘਰ 'ਚ ਸਮਾਪਤ ਹੋਇਆ | ਇਸ ਦੌਰਾਨ ਗਤਕੇ ਵਾਲੇ ਨੌਜਵਾਨਾਂ ਤੇ ਫ਼ੌਜ਼ੀ ਬੈਂਡ ਵਾਲਿਆਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ | ਇਸ ਮੌਕੇ ਗ੍ਰੰਥੀ ਸੁਖਪਾਲ ਸਿੰਘ, ਹਰਦੀਪ ਸਿੰਘ, ਦਵਿੰਦਰ ਸਿੰਘ, ਅੰਗਰੇਜ਼ ਸਿੰਘ, ਬਲਿਹਾਰ ਸਿੰਘ, ਗੁਰਸੇਵਕ ਸਿੰਘ, ਸਿਮਰਨਜੀਤ ਸਿੰਘ, ਕੇਵਲ ਸਿੰਘ, ਸ਼ੀਤਲ ਸਿੰਘ, ਗੁਰਮੁਖ ਸਿੰਘ, ਸੁੱਚਾ ਸਿੰਘ ਕੱਕਾ ਕੰਡਿਆਲਾ ਤੇ ਸਮੂਹ ਸੰਗਤਾਂ ਹਾਜ਼ਰ ਸਨ |