ਖਡੂਰ ਸਾਹਿਬ, 6 ਮਾਰਚ (ਰਸ਼ਪਾਲ ਸਿੰਘ ਕੁਲਾਰ)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 'ਆਪਣਾ ਕਾਰੋਬਾਰ, ਆਪਣੀ ਪਛਾਣ' ਤਹਿਤ ਹਲਕਾ ਖਡੂਰ ਸਾਹਿਬ ਦੀਆਂ ਮਹਿਲਾਵਾਂ ਲਈ ਇਕ ਵਿਸ਼ੇਸ਼ ਮਹਿਲਾ ਉੱਦਮੀ ਸਨਮਾਨ ਸਮਾਰੋਹ ਕਰਵਾਇਆ ਗਿਆ | ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਦੇ ਸਸ਼ਕਤੀਕਰਨ, ਉਨ੍ਹਾਂ ਦੀ ਸਿਹਤ, ਰੁਜ਼ਗਾਰ ਅਤੇ ਆਰਥਿਕ ਸੁਤੰਤਰਤਾ ਨੂੰ ਉਤਸ਼ਾਹਿਤ ਕਰਨਾ ਸੀ | ਇਸ ਪ੍ਰੋਗਰਾਮ ਵਿਚ ਜ਼ਿਲ੍ਹਾ ਸੈਕਟਰੀ ਮੈਡਮ ਅੰਜੂ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਜਿਸ ਦੇਸ਼ ਦੀਆਂ ਔਰਤਾਂ ਸਸ਼ਕਤ ਹੋਣਗੀਆਂ, ਉਹ ਦੇਸ਼ ਉਨ੍ਹਾਂ ਹੀ ਮਜ਼ਬੂਤ ਹੋਵੇਗਾ | ਉਨ੍ਹਾਂ ਨੇ ਔਰਤਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ (ਜਿਵੇਂ ਮਹਿਲਾ ਉੱਦਮੀ ਸਨਮਾਨ, ਸਿਹਤ ਕੈਂਪ ਅਤੇ ਰੁਜ਼ਗਾਰ ਮੌਕੇ) ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਔਰਤਾਂ ਅਤੇ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਮਹਿਲਾਵਾਂ ਦੀ ਸਿਹਤ ਜਾਂਚ ਅਤੇ ਜਾਗਰੂਕਤਾ ਸੈਸ਼ਨ ਵੀ ਹੋਏ ਅਤੇ ਹੋਣਹਾਰ ਬੇਟੀਆਂ ਅਤੇ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ | ਔਰਤਾਂ ਦੇ ਸਸ਼ਕਤੀਕਰਨ 'ਤੇ ਵਿਸ਼ੇਸ਼ ਚਰਚਾ ਅਤੇ ਪ੍ਰੇਰਨਾਤਮਕ ਸੰਬੋਧਨ ਹੋਏ | ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਸੰਧੂ, ਚੇਅਰਮੈਨ ਅਮਿੰਦਰ ਸਿੰਘ ਐਮੀਂ ਦਫਤਰ ਸਕੱਤਰ, ਕੁਲਦੀਪ ਸਿੰਘ ਫੈਲੋਕੇ, ਚੇਅਰਮੈਨ ਗੌਰਵ ਰਾਮਪਾਲ, ਹਲਕਾ ਸੰਗਠਨ ਇੰਚਾਰਜ ਰਜਿੰਦਰ ਸਿੰਘ ਪੰਨੂ, ਇਸਤਰੀ ਵਿੰਗ ਹਲਕਾ ਕੁਆਰਡੀਨੇਟਰ ਨਰਿੰਦਰਪਾਲ ਕੌਰ, ਹਲਕਾ ਕੁਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਜਸਕਰਨ ਸਿੰਘ ਲਾਡੀ ਅਤੇ ਹਲਕਾ ਖਡੂਰ ਸਾਹਿਬ ਦੇ ਬਲਾਕ ਪ੍ਰਧਾਨ ਅਤੇ ਹੋਰ ਮੁਹਤਬਰ ਆਗੂ ਤੇ ਸਰਪੰਚ ਆਦਿ ਹਾਜ਼ਰ ਸਨ |