ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਪੰਜਾਬ ਦੀ ਨਿਘਰਦੀ ਆਰਥਿਕ ਹਾਲਤ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ | ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਪੰਜਾਬ ਦਾ ਸਾਰਾ ਕਰਜ਼ਾ ਖ਼ਤਮ ਕਰਨ ਅਤੇ ਖ਼ਜ਼ਾਨੇ ਵਿਚ ਸਲਾਨਾ 54,000 ਕਰੋੜ ਰੁਪਏ ਜਮ੍ਹਾਂ ਕਰਨ ਦੀਆਂ ਗਾਰੰਟੀਆਂ ਦੇ ਕੇ ਸੱਤਾ ਵਿਚ ਆਈ ਸੀ, ਅੱਜ ਉਸੇ ਦੇ ਰਾਜ ਵਿਚ ਪੰਜਾਬ ਦਾ ਕੁੱਲ ਕਰਜ਼ਾ ਵਧ ਕੇ 4.5 ਲੱਖ ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਹੈ | ਚੋਣਾਵੀ ਨਾਅਰੇ ਅਤੇ ਆਰਥਿਕ ਦੀਵਾਲੀਆਪਨ ਸੰਬੰਧੀ ਪੀਰ ਮੁਹੰਮਦ ਨੇ ਕਿਹਾ ਕਿ ਸਰਕਾਰ ਦਾ ਬਜਟ ਪੰਜਾਬ ਦੀ ਖੇਤੀਬਾੜੀ ਨੂੰ ਮਜ਼ਬੂਤ ਕਰਨ ਜਾਂ ਸੂਬੇ ਦੇ ਅਸਾਸੇ ਵਧਾਉਣ ਦੀ ਬਜਾਇ ਮਹਿਜ਼ ਚੋਣਾਵੀ ਨਾਅਰਿਆਂ ਅਤੇ ਲੋਕ-ਲੁਭਾਉਣੀਆਂ ਸਕੀਮਾਂ 'ਤੇ ਕੇਂਦਰਿਤ ਹੋ ਕੇ ਰਹਿ ਗਿਆ ਹੈ | ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਅਗਲੀਆਂ ਚੋਣਾਂ ਵਿਚ ਵੋਟਾਂ ਬਟੋਰਨ ਲਈ ਮੁਫ਼ਤ ਸਹੂਲਤਾਂ ਦੇਣ ਵਾਸਤੇ ਵੀ ਸਰਕਾਰ ਨੂੰ ਭਾਰੀ ਕਰਜ਼ੇ ਲੈਣੇ ਪੈ ਰਹੇ ਹਨ | ਇਹ ਨੀਤੀ ਪੰਜਾਬ ਦੀ ਆਰਥਿਕਤਾ ਨੂੰ ਉਸ ਮੋੜ 'ਤੇ ਲੈ ਆਈ ਹੈ ਜਿੱਥੇ ਦੀਵਾਲੀਆਪਨ ਸਾਫ਼ ਦਿਖਾਈ ਦੇ ਰਿਹਾ ਹੈ | ਮੁਲਾਜ਼ਮਾਂ ਅਤੇ ਬਜ਼ੁਰਗਾਂ ਨਾਲ ਧੋਖਾ ਬਿਆਨ ਵਿਚ ਅੱਗੇ ਕਿਹਾ ਗਿਆ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਚੁੱਕੀ ਹੈ | ਬੁਢਾਪਾ ਪੈਨਸ਼ਨ ਵਧਾਉਣ ਦਾ ਵਾਅਦਾ ਅਜੇ ਤੱਕ ਵਫਾ ਨਹੀਂ ਹੋਇਆ ਅਤੇ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਕੀਤਾ ਗਿਆ ਵੱਡਾ ਵਾਅਦਾ ਵੀ ਮਹਿਜ਼ ਕਾਗਜ਼ੀ ਕਾਰਵਾਈ ਬਣ ਕੇ ਰਹਿ ਗਿਆ ਹੈ | ਸਰਕਾਰ ਕੋਲ ਆਪਣੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਪੈਸਾ ਨਹੀਂ ਹੈ, ਪਰ ਇਸ਼ਤਿਹਾਰਬਾਜ਼ੀ ਅਤੇ ਚੋਣਾਵੀ ਗਾਰੰਟੀਆਂ ਲਈ ਖ਼ਜ਼ਾਨਾ ਖਾਲੀ ਨਹੀਂ ਹੁੰਦਾ | ਸਰਕਾਰੀ ਜ਼ਮੀਨਾਂ ਦੀ ਵਿਕਰੀ ਅਤੇ ਡੈਮੋਗ੍ਰਾਫਿਕ ਖ਼ਤਰਾ ਸਭ ਤੋਂ ਗੰਭੀਰ ਸਵਾਲ ਉਠਾਉਂਦਿਆਂ ਪੀਰ ਮੁਹੰਮਦ ਨੇ ਕਿਹਾ ਕਿ ਸਰਕਾਰ ਹੁਣ ਹੌਲੀ-ਹੌਲੀ ਪੰਜਾਬ ਦੀਆਂ ਕੀਮਤੀ ਸਰਕਾਰੀ ਜ਼ਮੀਨਾਂ ਵੇਚਣ ਦੀ ਤਿਆਰੀ ਕਰ ਰਹੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਆਪਣੇ ਸਿਆਸੀ ਫਾਇਦੇ ਲਈ ਸਰਕਾਰ ਅਜਿਹੇ ਕਦਮ ਚੁੱਕ ਰਹੀ ਹੈ ਜੋ ਪੰਜਾਬ ਦੀ ਡੈਮੋਗ੍ਰਾਫੀ (ਜਨਸੰਖਿਆ ਦੀ ਬਣਤਰ) ਨੂੰ ਪ੍ਰਭਾਵਿਤ ਕਰ ਸਕਦੇ ਹਨ, ਜੋ ਕਿ ਪੰਜਾਬ ਦੇ ਭਵਿੱਖ ਲਈ ਇਕ ਬਹੁਤ ਵੱਡਾ ਖ਼ਤਰਾ ਹੈ |