ਤਰਨ ਤਾਰਨ, 9 ਮਾਰਚ (ਇਕਬਾਲ ਸਿੰਘ ਸੋਢੀ)- ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਦਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਵਿਧਾਨ ਸਭਾ ਵਿਚ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਸ ਬਜਟ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਕੁੱਝ ਵੀ ਨਹੀਂ ਰੱਖਿਆ ਗਿਆ ਜਦਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ 5 ਡੀ.ਏ. ਦੀਆਂ ਕਿਸ਼ਤਾਂ ਜਿਹੜੀਆਂ 16 ਪ੍ਰਤੀਸ਼ਤ ਬਣਦੀਆਂ ਹਨ | ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ ਆਦਿ ਮੰਗਾਂ ਦੀ ਬਜਟ ਵਿਚ ਗੱਲ ਨਾ ਕਰਕੇ ਆਪਣਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਚਿਹਰਾ ਨੰਗਾ ਕੀਤਾ ਗਿਆ ਹੈ | ਗਰੇਵਾਲ ਨੇ ਚੰਡੀਗੜ੍ਹ ਵਿਖੇ ਹਜ਼ਾਰਾਂ ਮੁਲਾਜ਼ਮ ਅਤੇ ਪੈਨਸ਼ਨਰ ਜੋ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਮਨਵਾਉਣ ਲਈ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਸਨ 'ਤੇ ਲਾਠੀਚਾਰਜ, ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ |