ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਪਾਰਲੀਮੈਂਟ ਵਿਚ ਪੇਸ਼ ਕੀਤੇ ਜਾਣ ਦੀਆਂ ਕਨਸੋਆਂ ਦੇ ਮੱਦੇਨਜ਼ਰ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਪ੍ਰਮੁੱਖ ਜਥੇਬੰਦੀਆਂ ਪੀ.ਐੱਸ.ਈ.ਬੀ. ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ (ਏਟਕ) ਅਤੇ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ (ਪਹਿਲਵਾਨ) ਨਾਲ ਸੰਬੰਧਿਤ ਸੂਬਾ ਲੀਡਰਸ਼ਿਪ ਦੀ ਸਾਂਝੀ ਮੀਟਿੰਗ ਬਲਦੇਵ ਸਿੰਘ ਮੰਡਾਲੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਬਿਜਲੀ ਸੋਧ ਬਿੱਲ 2025 ਪਾਰਲੀਮੈਂਟ ਵਿਚ ਪੇਸ਼ ਕਰਕੇ ਪਾਸ ਕਰਵਾਉਣ ਦੀ ਫਿਰਾਕ ਵਿਚ ਹੈ, ਜਿਸ ਦੇ ਖਿਲਾਫ਼ ਵੱਡੀ ਲਾਮਬੰਦੀ ਕਰਨ ਲਈ ਅੱਜ 10 ਮਾਰਚ ਨੂੰ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਸੂਬਾ ਪੱਧਰ 'ਤੇ ਬਿਜਲੀ ਦਫਤਰਾਂ ਵਿਚ ਰੋਸ ਰੈਲੀਆਂ ਕਰਕੇ ਘਾਤਕ ਬਿਜਲੀ ਬਿੱਲ ਵਿਰੁੱਧ ਅਵਾਜ਼ ਬੁਲੰਦ ਕਰਨਗੇ | ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਮੈਨੇਜਮੈਂਟ ਤੇ ਵਾਅਦਾ ਖਿਲਾਫ਼ੀ ਦੇ ਦੋਸ਼ ਲਗਾਏ | ਸਾਂਝੇ ਧੜੇ ਦੇ ਆਗੂਆਂ ਹਰਪਾਲ ਸਿੰਘ ਅਤੇ ਗੁਰਵੇਲ ਸਿੰਘ ਬੱਲਪੁਰੀਆ ਨੇ ਕਿਹਾ ਕਿ ਪਿਛਲੇ ਸਾਲ 10 ਅਤੇ 14 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉਸ ਸਮੇਂ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨਾਲ ਜਥੇਬੰਦੀਆਂ ਦੇ ਲਿਖਤੀ ਸਮਝੌਤੇ ਹੋਏ ਸਨ, ਜਿਨ੍ਹਾਂ ਨੂੰ ਹਾਲੇ ਤੱਕ ਵੀ ਲਾਗੂ ਨਹੀਂ ਕੀਤਾ ਗਿਆ, ਜਿਸ ਦੇ ਖਿਲਾਫ਼ ਚਲ ਰਹੇ ਸੰਘਰਸ਼ ਦੌਰਾਨ 14 ਜਨਵਰੀ ਨੂੰ ਫਿਰ ਤੋਂ ਸੀ.ਐਮ.ਡੀ. ਪਾਵਰਕਾਮ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਫਿਰ ਜਲਦੀ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ ਦੋ ਮਹੀਨੇ ਲੰਘ ਜਾਣ ਦੇ ਬਾਅਦ ਵੀ ਨਾਂ ਤਾਂ ਕੋਈ ਸਮਝੌਤਾ ਲਾਗੂ ਕੀਤਾ ਗਿਆ | ਆਗੂਆਂ ਨੇ 11 ਮਾਰਚ ਦਿਨ ਬੁੱਧਵਾਰ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਖਿਲਾਫ਼ ਮੁਹਾਲੀ ਰੈਲੀ ਵਿਚ ਝੰਡੇ ਅਤੇ ਮਾਟੋ ਲੈ ਕੇ ਲੱਗੇ ਕੋਟਿਆਂ ਮੁਤਾਬਕ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦਿੱਤਾ ਅਤੇ 13 ਮਾਰਚ ਦਿਨ ਸ਼ੁੱਕਰਵਾਰ ਨੂੰ ਸਮੁੱਚੇ ਪੰਜਾਬ ਅੰਦਰ ਸਰਕਲ ਪੱਧਰ ਤੇ ਸਾਂਝੇ ਧੜੇ ਵਲੋਂ ਇਕੋ ਦਿਨ ਸਾਂਝੀਆਂ ਮੀਟਿੰਗਾਂ ਨੂੰ ਕਾਮਯਾਬ ਕਰਕੇ ਆਉਣ ਵਾਲੇ ਸੰਘਰਸ਼ ਪ੍ਰੋਗਰਾਮਾਂ ਦੀ ਤਿਆਰੀ ਕਰਨ ਦਾ ਫ਼ੈਸਲਾ ਕੀਤਾ ਹੈ, ਤਾਂ ਜੋ 17 ਮਾਰਚ ਤੋਂ 7 ਅਪ੍ਰੈਲ ਤੱਕ ਕੇਡਰ ਨੂੰ ਹਰ ਪੱਖ ਤੋਂ ਜਾਗਰੂਕ ਕਰਨ ਲਈ ਸਰਕਲ ਪੱਧਰੀ ਕਨਵੈਨਸ਼ਨਾਂ ਕਰਨ ਉਪਰੰਤ 10 ਅਪ੍ਰੈਲ ਨੂੰ ਮੁੱਖ ਦਫਤਰ ਪਟਿਆਲਾ ਦੇ ਗੇਟਾਂ 'ਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਪਾਵਰ ਮੈਨੇਜਮੈਂਟ ਖਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕਰਨ ਬਾਰੇ ਲਾਮਬੰਦੀ ਕਰਨ 'ਤੇ ਜ਼ੋਰ ਦਿੱਤਾ | ਇਸ ਮੀਟਿੰਗ ਵਿਚ ਕੁਲਵਿੰਦਰ ਸਿੰਘ ਢਿੱਲੋਂ, ਗੁਰਭੇਜ ਸਿੰਘ ਢਿੱਲੋਂ, ਸੁਰਿੰਦਰਪਾਲ ਲਹੌਰੀਆ, ਜਰਨੈਲ ਸਿੰਘ, ਨਿਰਮਲ ਸਿੰਘ, ਕਰਮਜੀਤ ਸਿੰਘ ਖੀਵਾ, ਸੁਖਵਿੰਦਰ ਸਿੰਘ ਚਾਹਲ, ਮਨਜੀਤ ਸਿੰਘ ਚਾਹਲ, ਰਵੇਲ ਸਿੰਘ ਸਹਾਏਪੁਰ, ਦਵਿੰਦਰ ਸਿੰਘ ਪਿਸ਼ੌਰ, ਕੌਰ ਸਿੰਘ ਸੋਹੀ, ਇੰਜੀ. ਹਰਮਨਦੀਪ, ਬਲਦੇਵ ਸਿੰਘ ਪਸਿਆਣਾ, ਦਲੀਪ ਕੁਮਾਰ, ਬੀ.ਐਸ. ਸੇਖੋਂ, ਭਿੰਦਰ ਸਿੰਘ ਚਾਹਲ, ਸੁਖਵਿੰਦਰ ਸਿੰਘ ਦੁੱਮਣਾ, ਪਵਨਪ੍ਰੀਤ ਸਿੰਘ, ਗੁਰਪਿਆਰ ਸਿੰਘ ਆਦਿ ਆਗੂਆਂ ਨੇ ਹਿੱਸਾ ਲਿਆ |