ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)- ਪਿੰਡ ਦੇਊ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਕੁਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਵਿਚ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੁਰਾਣੇ ਸਾਥੀਆਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਖੁੱਲ ਕੇ ਵਿਚਾਰ ਵਿਟਾਂਦਰਾ ਕੀਤਾ | ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਹੀ ਇਕ ਐਸੀ ਪਾਰਟੀ ਹੈ, ਜਿਸ ਨੇ ਹਮੇਸ਼ਾ ਹੀ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਹਨ, ਜੋ ਕਿ ਅੱਜ ਤੱਕ ਕੋਈ ਵੀ ਸਰਕਾਰਾਂ ਨਹੀਂ ਕਰ ਸਕੀਆਂ | ਉਨ੍ਹਾਂ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਕਮਰਕਸੇ ਕਰ ਲੈਣ, ਤਾਂ ਜੋ 2027 ਵਿਚ ਅਕਾਲੀ ਦਲ ਦੀ ਸਰਕਾਰ ਬਣ ਸਕੇ | ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ, ਉਪਕਾਰ ਸਿੰਘ ਮੈਂਬਰ, ਬਾਬਾ ਹੀਰਾ ਸਿੰਘ, ਬਾਬਾ ਮੁਖਤਾਰ ਸਿੰਘ, ਚਰਨਜੀਤ ਸਿੰਘ, ਬਾਪੂ ਮਨੋਹਰ ਸਿੰਘ, ਰਣਜੀਤ ਸਿੰਘ ਅਤੇ ਜਸਬੀਰ ਸਿੰਘ ਮੈਂਬਰ ਆਦਿ ਮੌਜੂਦ ਸਨ |