ਰਾਮ ਤੀਰਥ, 12 ਮਾਰਚ (ਧਰਵਿੰਦਰ ਸਿੰਘ ਔਲਖ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਦੀ ਜੰਮਪਲ ਮਨਜਿੰਦਰ ਕੌਰ ਪੁੱਤਰੀ ਮਰਹੂਮ ਹਰਦੇਵ ਸਿੰਘ, ਵਾਸੀ ਖਿਆਲਾ ਕਲਾਂ ਨੇ ਪੁਲਿਸ ਥਾਣਾ ਅਜਨਾਲਾ ਵਿਖੇ ਦਿੱਤੀ ਦਰਖਾਸਤ 'ਚ ਕਿਹਾ ਕਿ ਉਸ ਦਾ ਵਿਆਹ 13 ਸਾਲ ਪਹਿਲਾਂ ਸੰਦੀਪ ਸਿੰਘ ਪੁੱਤਰ ਅਨੋਖ ਸਿੰਘ, ਵਾਸੀ ਸੂਰੇਪੁਰ, ਨੇੜੇ ਅਜਨਾਲਾ ਨਾਲ ਹੋਇਆ ਸੀ, ਜਿਸ ਦੀ ਖੱਬੀ ਲੱਤ ਟਰੇਨ ਹੇਠਾਂ ਆਉਣ ਕਰਕੇ ਕੱਟੀ ਹੋਈ ਹੈ | ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਅੱਜ ਕੱਲ੍ਹ ਘਣੂਪੁਰ ਕਾਲੇ ਵਿਖੇ ਰਹਿ ਰਿਹਾ ਹੈ ਆਪਣੇ ਪਤੀ ਵਲੋਂ ਢਾਏ ਜਾਂਦੇ ਜ਼ੁਲਮਾਂ ਦੀ ਦਾਸਤਾਨ ਦੱਸਦਿਆਂ ਉਸ ਨੇ ਕਿਹਾ ਕਿ ਸ਼ੁਰੂ ਤੋਂ ਹੀ ਉਸ ਦੇ ਪਤੀ ਵਲੋਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ, ਪਰ ਪਿਛਲੇ ਕੁਝ ਸਮੇਂ ਤੋਂ ਉਸ ਨੇ ਬਹੁਤ ਜ਼ਿਆਦਾ ਤਸ਼ੱਦਦ ਢਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਦੇ ਨਾਲ ਨਾਲ ਬੱਚਿਆਂ ਦੀ ਵੀ ਕੁੱਟਮਾਰ ਕੀਤੀ ਜਾਂਦੀ ਹੈ, ਜਿਸ ਕਰਕੇ ਉਸ ਦੇ ਪੇਕੇ ਪਰਿਵਾਰ ਵਾਲੇ ਕੁਝ ਦਿਨ ਪਹਿਲਾਂ ਉਸ ਨੂੰ ਉਸ ਦੇ ਪੇਕੇ ਖਿਆਲਾ ਕਲਾਂ ਵਿਖੇ ਲੈ ਆਏ, ਕਿਉਂਕਿ ਉਸ ਦੇ ਪਤੀ ਵਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ | ਉਸ ਨੇ ਕਿਹਾ ਕਿ ਉਸ ਦਾ ਪਤੀ ਅੰਗਹੀਣ ਹੀ ਨਹੀਂ ਸਗੋਂ ਪਾਗਲਪਣ ਦੇ ਦੌਰੇ ਵੀ ਉਸ ਨੂੰ ਪੈਂਦੇ ਹਨ, ਜਿਸ ਦਾ ਅੰਮਿ੍ਤਸਰ ਦੇ ਇੱਕ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਪਾਸੋਂ ਇਲਾਜ ਵੀ ਚੱਲ ਰਿਹਾ ਹੈ | ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਉਸ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਹ ਤਿੰਨ ਛੋਟੇ ਛੋਟੇ ਬੱਚਿਆਂ ਦੀ ਮਾਂ ਹੈ ਅਤੇ ਉਸ ਦੇ ਪੇਕੇ ਪਰਿਵਾਰ ਵਾਲੇ ਗਰੀਬ ਹਨ, ਜਿਸ ਕਰਕੇ ਉਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਰਿਹਾ ਹੈ | ਉਸ ਨੇ ਉੱਚ ਪੁਲਿਸ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਦੋਸ਼ੀ ਵਿਰੁੱਧ ਕਾਰਵਾਈ ਕਰਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ | ਇਸ ਸੰਬੰਧ 'ਚ ਅਜਨਾਲਾ ਥਾਣਾ ਵਿਖੇ ਤਾਇਨਾਤ ਮੈਡਮ ਕਿਰਨਜੀਤ ਕੌਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵਲੋਂ ਫੋਨ ਨਹੀਂ ਉਠਾਇਆ ਗਿਆ |