ਖਾਲੜਾ, 28 ਮਾਰਚ (ਜੱਜਪਾਲ ਸਿੰਘ ਜੱਜ)-ਥਾਣਾ ਖਾਲੜਾ ਅਧੀਨ ਆਉਂਦੇ ਸਰਹੱਦੀ ਪਿੰਡ ਵਾਂ ਤਾਰਾ ਸਿੰਘ ਵਿਖੇ ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਰਾਹੀਂ ਭੇਜੀ ਕਰੀਬ ਇਕ ਕਿਲੋ ਹੈਰੋਇਨ ਸਮੇਤ ਦੋ ਭਾਰਤੀ ਤਸਕਰਾਂ ਨੂੰ ਕਾਬੂ ਕਰਨ ਦੀ ਖ਼ਬਰ ਹੈ | ਐੱਸ.ਐੱਚ.ਓ. ਥਾਣਾ ਖਾਲੜਾ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ.ਆਈ. ਸਾਹਿਬ ਸਿੰਘ ਵਲੋਂ ਗਲਤ ਅਨਸਰਾਂ ਦੀ ਤਲਾਸ਼ ਲਈ ਪਿੰਡ ਵਾਂ ਤਾਰਾ ਸਿੰਘ ਵਿਖੇ ਆਪਣੀ ਪੁਲਿਸ ਪਾਰਟੀ ਨਾਲ ਨਾਕਾ ਲਗਾਇਆ ਗਿਆ ਸੀ, ਜਿਸ ਦੌਰਾਨ ਮੌਕੇ 'ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਤਾਂ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਕਰਨ ਇਨ੍ਹਾਂ ਕੋਲੋਂ 1 ਕਿੱਲੋ 32 ਗ੍ਰਾਮ ਹੈਰੋਇਨ ਇਕ ਮੋਟਰਸਾਈਕਲ ਅਤੇ ਮੋਬਾਇਲ ਫੋਨ ਬਰਾਮਦ ਕੀਤਾ ਗਿਆ | ਪੁੱਛਗਿੱਛ ਦੌਰਾਨ ਇਨ੍ਹਾਂ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਵਾਸੀ ਚੇਲਾ ਕਲੋਨੀ ਭਿੱਖੀਵਿੰਡ ਅਤੇ ਦੂਜੇ ਨੇ ਸਾਜਨ ਸਿੰਘ ਵਾਸੀ ਡੱਲ ਦੱਸਿਆ | ਜਿਸ 'ਤੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਕੇ ਥਾਣਾ ਖਾਲੜਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਦੱਸਿਆ ਗਿਆ ਕਿ ਸਾਜਨ ਸਿੰਘ ਪਹਿਲਾ ਹੀ ਨਸ਼ੇ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਸੀ ਅਤੇ ਇਸਦੇ ਵੱਡੇ ਸਮਗਲਰਾਂ ਨਾਲ ਸੰਬੰਧ ਸਨ ਅਤੇ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਹੈ | ਜਿਸ ਤੋਂ ਪੁੱਛਗਿਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ |