ਤਰਨ ਤਾਰਨ, 7 ਅਪ੍ਰੈਲ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਰੰਜਿਸ਼ ਤਹਿਤ ਪਤੀ-ਪਤਨੀ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਰਾਏ ਅਮਾਨਤ ਖਾਂ ਵਿਖੇ ਹਰਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਗੰਡੀਵਿੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਪਰਿਵਾਰ ਨਾਲ ਚਾਹ ਪੀ ਰਹੀ ਸੀ ਕਿ ਗੁਆਂਢ ਵਿਚੋੋਂ ਪ੍ਰੀਤ ਕੌਰ ਜੋ ਜਗਰੂਪ ਸਿੰਘ ਦੀ ਭੈਣ ਹੈ ਭੱਜੀ ਭੱਜੀ ਉਸਦੇ ਘਰ ਆਈ ਤੇ ਕਿਹਾ ਕਿ ਮੈਨੂੰ ਮੇਰੇ ਭਰਾ ਤੋੋਂ ਬਚਾਅ ਲਉ ਤੇ ਇੰਨੇ ਨੂੰ ਉਸਦਾ ਭਰਾ ਜਗਰੂਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਗੰਡੀਵਿੰਡ, ਕਰਨ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਖਾਲੜਾ, ਲਵਜੀਤ ਸਿੰਘ ਵਾਸੀ ਠਰੂ ਅਤੇ 2 ਅਣਪਛਾਤੇ ਵਿਅਕਤੀ ਉਨ੍ਹਾਂ ਨਾਲ ਉਨ੍ਹਾਂ ਦੇ ਘਰ ਗਏ ਜਿੱਥੇ ਜਗਰੂਪ ਸਿੰਘ ਨੇ ਲਲਕਾਰਾ ਮਾਰਿਆ ਤੇ ਕਿਹਾ ਕਿ ਫੜ ਲਉ ਇਨ੍ਹਾਂ ਨੂੰ ਘਰ ਅੱਗੇ ਪੰਚਾਇਤੀ ਜਗ੍ਹਾਂ 'ਤੇ ਕਬਜਾ ਕਰਨ ਦਾ ਮਜਾ ਚਖਾ ਦਿਉ ਤੇ ਮੇਰੀ ਭੈਣ ਦੀ ਮਦਦ ਕਰਨ ਦਾ ਮਜਾ ਚਖਾ ਦਿਉ | ਜਿਸ 'ਤੇ ਸਾਰੇ ਵਿਅਕਤੀਆਂ ਨੇ ਉਸ ਨਾਲ ਅਤੇ ਉਸਦੇ ਪਤੀ ਬਲਜਿੰਦਰ ਸਿੰਘ ਦੇ ਸੱਟਾਂ ਮਾਰ ਦਿੱਤੀਆਂ ਅਤੇ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਐੱਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |