ਗੋਇੰਦਵਾਲ ਸਾਹਿਬ, 13 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਅਤੇ ਵਿਸ਼ੇਸ਼ ਸਵੇਰ ਦੀ ਅਸੈਂਬਲੀ ਕਰਵਾਈ ਗਈ | ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਮੂਲ ਮੰਤਰ ਦੇ ਜਾਪ ਅਤੇ ਗੁਰਬਾਣੀ ਸ਼ਬਦ ਕੀਰਤਨ ਨਾਲ ਕੀਤੀ ਗਈ | ਇਸ ਮੌਕੇ ਇੰਸਟੀਚਿਊਟ ਦੇ ਧਾਰਮਿਕ ਸਿੱਖਿਆ ਦੇ ਅਧਿਆਪਕ ਇੰਦਰਪਾਲ ਸਿੰਘ ਵਲੋਂ ਨੇ ਵਿਦਿਆਰਥੀਆਂ ਨੂੰ ਖਾਲਸਾ ਪੰਥ ਦੀ ਸਾਜਨਾ, ਵਿਸਾਖੀ ਦੇ ਇਤਿਹਾਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੇ ਪੰਜ ਕਕਾਰਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ | ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾਵਾਂ, ਭਾਸ਼ਣ ਅਤੇ ਕਵੀਸ਼ਰੀ ਰਾਹੀਂ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ | ਸਮਾਗਮ ਦੇ ਅੰਤ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਸਕੂਲ ਦੀ ਮੈਨੇਜ਼ਮੈਂਟ ਕਮੇਟੀ ਅਤੇ ਪਿ੍ੰਸੀਪਲ ਮੈਡਮ ਮਨੀਸ਼ਾ ਸੂਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੋ ਕੇ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਦੇ ਹਨ ਅਤੇ ਸਾਡੇ ਅੰਦਰ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਕਰਦੇ ਹਨ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |