ਫਤਿਆਬਾਦ, 13 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਇਲਾਕੇ ਦੀ ਹਰਮਨ ਪਿਆਰੀ ਵਿੱਦਿਅਕ ਸੰਸਥਾ ਲੋਟਸ ਵੈਲੀ ਸੀਨੀਅਰ ਸਕੂਲ ਵਿਚ ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਬੜੇ ਉਤਸ਼ਾਹ, ਭਾਵਨਾ ਅਤੇ ਰੰਗਾਰੰਗ ਢੰਗ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ | ਵਿਦਿਆਰਥੀਆਂ ਨੂੰ ਖਾਲਸਾ ਸਿਰਜਣਾ ਦਿਵਸ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਦੱਸਿਆ ਕਿ 1699 ਵਿਚ ਸ੍ਰੀ ਅਨੰਦਪੁਰ ਸਾਹਿਬ ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖ ਕੌਮ ਨੂੰ ਨਵੀਂ ਪਹਿਚਾਣ ਬਖ਼ਸ਼ੀ | ਇਸ ਮੌਕੇ ਵਿਦਿਆਰਥੀਆਂ ਵਲੋਂ ਕਵਿਤਾਵਾਂ, ਗੀਤ ਅਤੇ ਇਕ ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤਾ ਗਿਆ, ਜਿਸ ਰਾਹੀਂ ਖਾਲਸਾ ਸਿਰਜਣਾ ਦੇ ਇਤਿਹਾਸਕ ਅਤੇ ਸਮਾਜਿਕ ਪੱਖਾਂ ਨੂੰ ਸੁੰਦਰ ਢੰਗ ਨਾਲ ਦਰਸਾਇਆ ਗਿਆ | ਇਸ ਤੋਂ ਇਲਾਵਾ ਇਸ ਮੌਕੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਤਿਓਹਾਰ ਪੰਜਾਬੀਆਂ ਲਈ ਨਵੇਂ ਸਾਲ ਦੀ ਸ਼ੁਰੂਆਤ ਅਤੇ ਕਿਸਾਨਾਂ ਲਈ ਫਸਲ ਕੱਟਣ ਦੀ ਖੁਸ਼ੀ ਦਾ ਪ੍ਰਤੀਕ ਹੈ | ਵਿਦਿਆਰਥੀਆਂ ਵਲੋਂ ਭੰਗੜਾ ਅਤੇ ਗਿੱਧਾ ਦੀਆਂ ਪ੍ਰਸਤੁਤੀਆਂ ਨੇ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸਰਵਜੀਤ ਸਿੰਘ ਗਿੱਲ ਅਤੇ ਪਿ੍ੰਸੀਪਲ ਮੈਡਮ ਜਤਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੀਆਂ ਵਧਾਈਆਂ ਦਿੱਤੀਆਂ |