ਤਰਨ ਤਾਰਨ, 13 ਅਪ੍ਰੈਲ (ਇਕਬਾਲ ਸਿੰਘ ਸੋਢੀ)-ਫਰੀਡਮ ਫਾਈਟਰਜ਼ ਉਤਰਾਧਿਕਾਰੀ ਸੰਸਥਾ ਪੰਜਾਬ ਤਰਨ ਤਾਰਨ ਦੇ ਅਹੁਦੇਦਾਰਾਂ ਦੀ ਮੀਟਿੰਗ ਸ੍ਰੀ ਗੁਰੂ ਅਰਜਨ ਦੇਵ ਸਰਾਂ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਗੰਡੀਵਿੰਡ ਦੀ ਅਗਵਾਈ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਸੰਸਥਾ ਦੇ ਮੈਂਬਰ ਹੀਰਾ ਸਿੰਘ ਠੱਕਰਪੁਰਾ ਦੀ ਬੇਵਕਤੀ ਮੌਤ 'ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਸਰਬ ਸੰਮਤੀ ਨਾਲ ਸਾਰੇ ਹਾਜ਼ਰ ਮੈਂਬਰਾਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਫਰੀਡਮ ਫਾਈਟਰਜ਼ ਉੱਤਰਾਧਿਕਾਰੀ ਦੀਆਂ ਮੰਗਾਂ ਨੂੰ ਮਨਜ਼ੂਰ ਕਰਕੇ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਜੇਕਰ ਸਰਕਾਰ ਮੰਗਾਂ ਪ੍ਰਤੀ ਵਿਚਾਰ ਨਹੀਂ ਕਰਦੀ ਤਾਂ ਸਾਨੂੰ ਮਜ਼ਬੂਰ ਹੋ ਕੇ ਤਿੱਖਾ ਸੰਘਰਸ਼ ਸ਼ੁਰੂ ਕਰਨਾ ਪਵੇਗਾ, ਜਿਸਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ | ਮੀਟਿੰਗ ਵਿਚ ਇਹ ਅਹਿਸਾਸ ਕੀਤਾ ਗਿਆ ਕਿ ਸਾਡੇ ਵੱਡਿਆਂ ਦੀਆਂ ਕੁਰਬਾਨੀਆਂ ਕਾਰਨ ਦੇਸ਼ ਆਜ਼ਾਦ ਹੋਇਆ ਹੈ, ਪਰ ਉਨ੍ਹਾਂ ਦੇ ਵਾਰਿਸਾਂ ਨੂੰ ਪੰਜਾਬ ਸਰਕਾਰ ਅੱਖੋਂ-ਪਰੋਖੇ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਸੰਸਥਾ ਵਲੋਂ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਪਾਉਣ ਵਾਲੇ ਫਰੀਡਮ ਫਾਈਟਰਾਂ ਦੀਆਂ ਫੋਟੋਆਂ ਡਿਪਟੀ ਕਮਿਸ਼ਨਰ ਕੰਪਲੈਕਸ ਵਿਖੇ ਲਗਾਉਣ ਦੀ ਮੁਹਿੰਮ ਤਹਿਤ ਅੱਧੀ ਦਰਜਨ ਦੇ ਕਰੀਬ ਫਰੀਡਮ ਫਾਈਟਰਾਂ ਦੀਆਂ ਫੋਟੋਆਂ ਹੋਰ ਬਣਵਾ ਕੇ ਲਗਾਈਆਂ ਗਈਆਂ | ਇਸ ਮੌਕੇ ਪ੍ਰਧਾਨ ਗੰਡੀਵਿੰਡ ਨੇ ਕਿਹਾ ਕਿ ਬਾਕੀ ਦੇ ਰਹਿੰਦੇ ਫਰੀਡਮ ਫਾਈਟਰਾਂ ਦੀ ਫੋਟੋਆਂ ਵੀ ਜਲਦ ਲਗਵਾ ਦਿੱਤੀਆਂ ਜਾਣਗੀਆਂ | ਮੀਟਿੰਗ ਦੌਰਾਨ ਵਰਿਆਮ ਸਿੰਘ ਸੰਧੂ, ਗੁਰਲਾਲ ਸਿੰਘ ਰੰਧਾਵਾ, ਸਕੱਤਰ ਸਿੰਘ ਪਹੂਵਿੰਡ, ਸਤਨਾਮ ਸਿੰਘ ਵਾਂ ਤਾਰਾ ਸਿੰਘ, ਕੁਲਦੀਪ ਸਿੰਘ ਦਦੇਹਰ ਸਾਹਿਬ, ਕਸ਼ਮੀਰ ਸਿੰਘ ਤਰਨਤਾਰਨ, ਹਰਿੰਦਰ ਪਾਲ ਸਿੰਘ ਚੌਧਰੀਵਾਲਾ, ਧਰਮਿੰਦਰ ਸਿੰਘ, ਸਤਨਾਮ ਸਿੰਘ ਸੁਰ ਸਿੰਘ, ਸਵਿੰਦਰ ਸਿੰਘ ਨੰਦਪੁਰ ਅਤੇ ਹਰਜਿੰਦਰ ਸਿੰਘ ਸੁਰ ਸਿੰਘ ਹਾਜ਼ਰ ਹੋਏ |