ਪੱਟੀ, 13 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੀ. ਡਬਲਿਊੂ. ਸੀ. ਇੰਡੀਆ ਫਾਊਾਡੇਸ਼ਨ ਤੇ ਸ੍ਰਮਿਕ ਭਾਰਤੀ ਦੀ ਮੁਸ਼ਤਰਕ ਪਹਿਲ ਨਾਲ ਦਰਿਆ ਦੀ ਮਾਰ ਹੇਠ ਆਏ ਪਿੰਡ ਕੋਟ ਬੁੱਢਾ ਵਿਖੇ ਪੱਟੀ ਵਾਲੀ ਰੋਹੀ ਉੱਪਰ ਦੋ ਪੁਲਾਂ ਦਾ ਨਿਰਮਾਣ ਕੀਤਾ, ਜੋ ਪਿੰਡ ਦੀ ਤਰੱਕੀ ਦੀ ਯਾਤਰਾ 'ਚ ਇਕ ਅਹਿਮ ਮੋੜ ਸਾਬਤ ਹੋ ਰਿਹਾ ਹੈ | ਇਹ ਪੁਲ ਪੀ. ਡਬਲਿਊ. ਸੀ. ਇੰਡੀਆ ਫਲੱਡ ਰਿਹਾਬਲਿਟੇਸ਼ਨ ਪ੍ਰਾਜੈਕਟ ਦੇ ਤਹਿਤ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਸ੍ਰਮਿਕ ਭਾਰਤੀ ਵਲੋਂ ਅਮਲੀ ਜਾਮਾ ਪਹਿਨਾਇਆ ਗਿਆ | ਇਹ ਪ੍ਰਾਜੈਕਟ ਪੀ. ਡਬਲਿਊੂ. ਸੀ. ਇੰਡੀਆ ਫਾਊਾਡੇਸ਼ਨ ਦੀ ਮਾਲੀ ਮਦਦ, ਸਥਾਨਕ ਕਿਸਾਨਾਂ ਦੇ ਸਹਿਯੋਗ ਤੇ ਸਾਬਕਾ ਚੇਅਰਮੈਨ ਸੁਖਵੰਤ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਦੇ ਵਲੰਟੀਅਰਾਂ ਦੀ ਮੁਸ਼ਤਰਕ ਮਿਹਨਤ ਨਾਲ ਮੁਕੰਮਲ ਹੋਇਆ | ਸਮਾਗਮ 'ਚ ਸਾਬਕਾ ਚੇਅਰਮੈਨ ਸੁਖਵੰਤ ਸਿੰਘ ਕੋਟ ਬੁੱਢਾ, ਸ੍ਰਮਿਕ ਭਾਰਤੀ ਦੇ ਪ੍ਰਾਜੈਕਟ ਡਾਇਰੈਕਟਰ ਵਰਿੰਦਰਪਾਲ ਸਿੰਘ, ਪ੍ਰੋਗਰਾਮ ਮੈਨੇਜਰ ਪ੍ਰਭਜੀਤ ਕੌਰ, ਫੀਲਡ ਕੋਆਰਡੀਨੇਟਰ ਜਗਦੀਪ ਸਿੰਘ ਅਤੇ ਗੁਰਦਿਆਲ ਸਿੰਘ ਵਲੋਂ ਰਸਮੀ ਤੌਰ 'ਤੇ ਪੁਲਾਂ ਦਾ ਉਦਘਾਟਨ ਕੀਤਾ | ਇਸ ਮੌਕੇ ਇਲਾਕੇ ਦੇ ਕਿਸਾਨਾਂ ਜਰਨੈਲ ਸਿੰਘ, ਵਿੱਕੀ, ਓਾਕਾਰ ਸਿੰਘ, ਨਿਹਾਲ ਸਿੰਘ, ਮੋਹਨਜੀਤ ਸਿੰਘ ਤੇ ਹੋਰ ਹਾਜ਼ਰੀਨ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਲਗਪਗ 70 ਤੋਂ 80 ਕਿਸਾਨਾਂ ਨੂੰ ਆਪਣੇ ਖੇਤਾਂ ਤੱਕ ਪਹੁੰਚਣ ਲਈ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਉਨ੍ਹਾਂ ਨੂੰ ਪੱਟੀ ਵਾਲੀ ਰੋਹੀ ਵਿਚੋਂ ਬੇੜੀ ਰਾਹੀਂ ਲੰਘਣਾ ਪੈਂਦਾ ਸੀ ਜਾਂ ਫਿਰ 6-7 ਕਿਲੋਮੀਟਰ ਦਾ ਵੱਡਾ ਚੱਕਰ ਲਗਾਉਣਾ ਪੈਂਦਾ ਸੀ, ਜਿਸ ਨਾਲ ਵਕਤ, ਖਰਚਾ ਅਤੇ ਮਿਹਨਤ ਦੋਵੇਂ ਵਧਦੇ ਸਨ | ਕਈ ਵਾਰ ਗੰਦੇ ਨਾਲੇ ਵਿਚੋਂ ਲੰਘਣ ਕਰਕੇ ਬਿਮਾਰੀਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਸੀ | ਕਿਸਾਨਾਂ ਨੇ ਕਿਹਾ ਕਿ ਇਸ ਮਸਲੇ ਲਈ ਸਰਕਾਰੀ ਅਦਾਰਿਆਂ ਕੋਲ ਵਾਰ-ਵਾਰ ਅਰਜ਼ੀਆਂ ਦੇਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ, ਪਰ ਪੀ. ਡਬਲਿਊੂ. ਸੀ. ਇੰਡੀਆ ਨੇ ਇਸ ਮਸਲੇ ਨੂੰ ਸਮਝਦੇ ਹੋਏ ਇਸ ਦਾ ਹੱਲ ਯਕੀਨੀ ਬਣਾਇਆ | ਹੁਣ ਇਨ੍ਹਾਂ ਪੁਲਾਂ ਦੀ ਤਾਮੀਰ ਨਾਲ ਲਗਪਗ 300-400 ਏਕੜ ਜ਼ਮੀਨ ਤੱਕ ਕਿਸਾਨਾਂ ਦਾ ਸਿੱਧਾ ਲਾਂਘਾ ਬਣ ਗਿਆ ਹੈ, ਜਿਸ ਨਾਲ ਉਨ੍ਹਾਂ ਦਾ ਵਕਤ, ਖਰਚਾ ਅਤੇ ਮਿਹਨਤ ਕਾਫੀ ਘੱਟ ਹੋਵੇਗੀ | ਇਸ ਮੌਕੇ ਕਿਸਾਨਾਂ ਵਲੋਂ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਮਿਠਾਈਆਂ ਵੰਡੀਆਂ ਗਈਆਂ ਤੇ ਸੰਸਥਾਵਾਂ ਦਾ ਖ਼ਾਸ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਅਸਲ ਤਾਰੀਫ਼ ਦੇ ਹੱਕਦਾਰ ਇਲਾਕੇ ਦੇ ਕਿਸਾਨ ਹਨ, ਜਿਨ੍ਹਾਂ ਨੇ ਇਕੱਠੇ ਹੋ ਕੇ ਆਪਣੀ ਮੁਸ਼ਕਿਲ ਦਾ ਹੱਲ ਖੁਦ ਤਲਾਸ਼ ਕੀਤਾ | ਇਸ ਮੌਕੇ ਸਾਬਕਾ ਸਰਪੰਚ ਨਰਿੰਦਰ ਸਿੰਘ ਚੂਸਲੇਵੜ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਉਬੋਕੇ, ਸਾਬਕਾ ਸਰਪੰਚ ਸਤਨਾਮ ਸਿੰਘ ਭਉਵਾਲ, ਸਾਬਕਾ ਸਰਪੰਚ ਅਵਤਾਰ ਸਿੰਘ, ਸੁਖਵਿੰਦਰ ਸਿੰਘ ਲਾਟੀ ਮਰੜ, ਰਸਪਾਲ ਸਿੰਘ ਬਾਈ, ਮੰਗਲ ਸਿੰਘ, ਰਣਜੀਤ ਸਿੰਘ ਗਿੱਲ, ਮਹਿੰਦਰ ਸਿੰਘ, ਬਾਬਾ ਪ੍ਰਗਟ ਸਿੰਘ, ਨੌ ਨਿਹਾਲ ਸਿੰਘ, ਗੁਰਤਾਰ ਸਿੰਘ ਬੱਬਰ, ਅਵਤਾਰ ਸਿੰਘ ਭਾਉਵਾਲ, ਅੰਗਰੇਜ਼ ਸਿੰਘ ਸਰਪੰਚ ਜੱਲੋਕੇ, ਸਾਹਿਬ ਸਿੰਘ ਜੱਲੋਕੇ, ਸੁਖਚੈਨ ਸਿੰਘ ਜੱਲੋਕੇ, ਅਵਤਾਰ ਸਿੰਘ ਫੌਜੀ ਕੋਟ ਬੁੱਢਾ, ਦਿਲਬਾਗ ਸਿੰਘ, ਪ੍ਰਤਾਪ ਸਿੰਘ, ਗੰਗਾ ਸਿੰਘ ਬੰਗਲਾ ਰਾਏ, ਸੁਰੇਸ਼ ਕੁਮਾਰ ਆਦਿ ਮੌਜੂਦ ਸਨ |