ਚੋਹਲਾ ਸਾਹਿਬ, 16 ਅਪ੍ਰੈਲ (ਬਲਵਿੰਦਰ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਾਹਲਵਾਂ ਵਿਖੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਹਿਜ ਪਾਠ ਦੀ ਸੰਪੂਰਨਤਾ ਉਪਰੰਤ ਸਕੂਲ ਦੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ | ਉੱਘੇ ਕਥਾਵਾਚਕ ਭਾਈ ਜਸਵੰਤ ਸਿੰਘ ਕਾਹਲਵਾਂ ਵਲੋਂ ਗੁਰਬਾਣੀ ਵਿਚਾਰ ਨਾਲ ਸਮੂਹ ਸੰਗਤਾਂ ਨੂੰ ਖ਼ਾਲਸੇ ਦੇ ਸਾਜਨਾ ਦਿਵਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ | ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਗੁਰੂ ਸਾਹਿਬ ਜੀ ਦੇ ਸਨਮੁੱਖ ਸੁਚੱਜੀ ਸਿੱਖਿਆ ਪ੍ਰਦਾਨ ਅਤੇ ਗ੍ਰਹਿਣ ਕਰਨ ਦੀ ਅਰਦਾਸ ਕੀਤੀ | ਪਿ੍ੰਸੀਪਲ ਸੁਖਜਿੰਦਰ ਸਿੰਘ ਗਿੱਲ ਅਤੇ ਡਾਇ. ਅਮਰਜੀਤ ਸਿੰਘ ਪੰਨੂੰ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਆਖਿਆ ਕਿ ਸਾਨੂੰ ਸਭ ਨੂੰ ਹਰ ਰੋਜ਼ ਗੁਰਬਾਣੀ ਦਾ ਜਾਪ ਏਨੀ ਸਹਿਜਤਾ ਨਾਲ ਕਰਨਾ ਚਾਹੀਦਾ ਹੈ ਕਿ ਗੁਰਬਾਣੀ ਵਿਚਲਾ ਸਿਧਾਂਤ ਸਮਝ ਆ ਜਾਵੇ | ਬਾਣੀ ਨੂੰ ਮੰਤਰ ਸਮਝ ਕੇ ਨਹੀਂ ਜੀਵਨ ਜਾਚ ਸਮਝ ਕੇ ਜਪਣਾ ਚਾਹੀਦਾ ਹੈ | ਇਸ ਮੌਕੇ ਸਹਿਜ ਪਾਠ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਅਤੇ ਗੁਰਬਾਣੀ ਬੋਧ ਨਾਲ ਸੰਬੰਧਿਤ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ |