ਗੋਇੰਦਵਾਲ ਸਾਹਿਬ, 16 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਇਤਿਹਾਸਕ ਕਸਬੇ ਵਿਚ ਪੁਲਿਸ ਸੁਰੱਖਿਆ ਨਾਂਹ ਦੇ ਬਰਾਬਰ ਹੋਣ ਕਾਰਨ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਬੁਲੰਦ ਦਿਖਾਈ ਦੇ ਰਹੇ ਹਨ | ਇਲਾਕੇ ਵਿਚ ਸਰਗਰਮ ਮੋਟਰਸਾਈਕਲ ਸਵਾਰ ਚੋਰ ਗਰੋਹ ਤੋਂ ਕਸਬੇ ਦੇ ਦੁਕਾਨਦਾਰ ਡਾਹਢੇ ਪ੍ਰੇਸ਼ਾਨ ਹਨ | ਪੀੜਤ ਦੁਕਾਨਦਾਰਾਂ ਕੇਵਲ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ ਜੋਸ਼ਨ, ਸੰਤੋਖ ਸਿੰਘ ਖਹਿਰਾ, ਰਣਜੀਤ ਸਿੰਘ ਲੱਕੀ, ਮਨਦੀਪ ਸਿੰਘ ਆਦਿ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ 'ਚ ਦੱਸਿਆ ਹੈ ਕਿ ਇਲਾਕੇ ਵਿਚ ਪੁਲਿਸ ਸੁਰੱਖਿਆ ਨਾਂਹ ਦੇ ਬਰਾਬਰ ਹੈ, ਜਿਸ ਕਾਰਨ ਇਲਾਕੇ ਵਿਚ ਚੋਰੀ ਚਕਾਰੀ, ਲੁੱਟ ਖਸੁੱਟ ਦੀਆਂ ਘਟਨਾਵਾਂ ਆਮ ਗੱਲ ਹਨ | ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿਚ ਮੋਟਰਸਾਈਕਲ ਸਵਾਰ ਚੋਰ ਗਰੋਹ ਪੂਰੀ ਤਰ੍ਹਾ ਸਰਗਰਮ ਹੈ, ਜੋ ਲਗਾਤਾਰ ਦੁਕਾਨਾਂ 'ਤੇ ਪਿਆ ਕੀਮਤੀ ਸਾਮਾਨ ਚੋਰੀ ਕਰਕੇ ਫਰਾਰ ਹੋ ਰਹੇ ਹਨ | ਪੀੜਤ ਦੁਕਾਨਦਾਰਾਂ ਨੇ ਆਖਿਆ ਕਿ ਇਨ੍ਹਾਂ ਚੋਰਾਂ ਕਾਰਨ ਕਸਬੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ | ਦੁਕਾਨਦਾਰਾਂ ਨੇ ਪੁਲਿਸ ਕੋਲੋਂ ਉਕਤ ਚੋਰਾਂ ਦੀ ਭਾਲ ਕਰਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਉੱਥੇ ਹੀ ਸਮੂਹ ਦੁਕਾਨਦਾਰਾਂ ਨੇ ਇਲਾਕੇ ਵਿਚ ਬੰਦ ਹੋ ਚੁੱਕੀ ਪੀ.ਸੀ.ਆਰ. ਦੀ ਸੇਵਾ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਤੋਂ ਇਲਾਕੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਗੁਹਾਰ ਲਾਈ ਹੈ | ਇਸ ਮੌਕੇ ਐਸ.ਐਚ.ਓ. ਪ੍ਰਭਜੀਤ ਸਿੰਘ ਗਿੱਲ ਨੇ ਆਖਿਆ ਕਿ ਥਾਣੇ ਵਿਚ ਪੁਲਿਸ ਮੁਲਾਜ਼ਮਾਂ ਦੀ ਘਾਟ ਸੰਬੰਧੀ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ |