ਮੰਡੀਆਂ 'ਚ ਕਣਕ ਦੀ ਚੁਕਾਈ ਦਾ ਹੋਇਆ ਬੁਰਾ ਹਾਲ-ਖੁਲ੍ਹੇ ਅਸਮਾਨ ਹੇਠ ਰੁਲ ਰਿਹਾ ਕਿਸਾਨਾਂ ਦਾ ਸੋਨਾ-ਪ੍ਰਸ਼ਾਸਨ ਤੇ ਸਰਕਾਰ ਬਣੀ ਮੂਕ ਦਰਸ਼ਕ <br/>
ਅਜੀਤ ਡੈਸਕ
26-04-2026
ਇਸ ਸਬੰਧੀ ਗੱਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ, ਚੇਅਰਮੈਨ ਗੁਰਭਿੰਦਰ ਸਿੰਘ ਮੰਮਣਕੇ ਅਤੇ ਜਨਰਲ ਸਕੱਤਰ ਕੁਲਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਮੰਡੀ 'ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਏ ਨੂੰ ਕਈ ਦਿਨ ਬੀਤ ਗਏ ਹਨ ਜਿਸ ਤੋਂ ਬਾਅਦ ਹੁਣ ਤੱਕ 6 ਲੱਖ 16 ਹਜਾਰ 928 ਤੋੜੇ ਕਰੀਬ ਕਣਕ ਦੀ ਸਰਕਾਰੀ ਖਰੀਦ ਕੀਤੀ ਜਾ ਚੁੱਕੀ ਹੈ ਪਰ ਚੁਕਾਈ ਨਾ ਹੋਣ ਕਰਕੇ ਖਰੀਦੀ ਹੋਈ ਫਸਲ ਖੁਲ੍ਹੇ ਅਸਮਾਨ ਹੇਠ ਖਰਾਬ ਹੋ ਰਹੀ ਹੈ | ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਟੈਂਡਰ ਹਮੇਸ਼ਾ ਉਨ੍ਹਾਂ ਠੇਕੇਦਾਰਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਕੋਲ ਕੋਈ ਵਾਹਨ ਨਹੀਂ ਹੁੰਦਾ ਹੈ, ਜਿਸ ਦਾ ਬੋਝ ਆੜ੍ਹਤੀ ਦੇ ਸਿਰ ਆ ਪੈਂਦਾ ਹੈ | ਉਨ੍ਹਾਂ ਕਿਹਾ ਕਿ ਕਣਕ ਦੀ ਚੁਕਾਈ ਨਾ ਹੋਣ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਮੇਂ ਸਮੇਂ ਮੀਟਿੰਗਾਂ ਅਤੇ ਗੱਲਬਾਤ ਵੀ ਹੋਈ ਹੈ ਪਰ ਹਾਲਾਤ ਹੋਰ ਵੀ ਦੁੱਭਰ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਖਰੀਦੀ ਹੋਈ ਫਸਲ ਤੋਂ ਇਲਾਵਾ ਲੱਖਾਂ ਤੋੜੇ ਅਜੇ ਖੁਲ੍ਹੇ ਅਸਮਾਨ ਹੇਠ ਪਏ ਹਨ ਜਿਸਦੀ ਖਰੀਦ ਹੋਣੀ ਅਜੇ ਬਾਕੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਚੁਕਾਈ ਦਾ ਕੰਮ ਜਲਦ ਸ਼ੁਰੂ ਨਾ ਕਰਵਾਇਆ ਗਿਆ ਤਾਂ ਸੜਕਾਂ ਜਾਮ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸਰਕਾਰ ਠੇਕੇਦਾਰੀ ਸਿਸਟਮ ਖਤਮ ਕਰਕੇ ਚੁਕਾਈ ਦਾ ਕੰਮ ਵੀ ਆੜ੍ਹਤੀਆਂ ਨੂੰ ਸੌਂਪ ਦੇਵੇ ਤਾਂ ਜੋ ਹਰ ਸੀਜ਼ਨ 'ਚ ਪੈਦਾ ਹੋਣ ਵਾਲੀ ਇਹ ਸਮੱਸਿਆ ਤੋਂ ਨਿਜਾਤ ਮਿਲ ਸਕੇ |