ਗੋਇੰਦਵਾਲ ਸਾਹਿਬ, 26 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਹੁਤ ਹੀ ਸੋਚ ਸਮਝ ਕੇ ਬੀਬੀ ਰਮਨਦੀਪ ਕੌਰ ਖਹਿਰਾ ਨੂੰ ਹਲਕਾ ਖਡੂਰ ਸਾਹਿਬ ਦਾ ਸ਼ੋ੍ਰਮਣੀ ਅਕਾਲੀ ਦਲ ਦਾ ਇੰਚਾਰਜ ਨਿਯੁਕਤ ਕੀਤਾ ਹੈ, ਜਿਸ ਕਾਰਨ ਹਲਕੇ ਦੇ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ, ਉਥੇ ਨੌਜਵਾਨ ਵਰਗ ਵੱਡੇ ਪੱਧਰ 'ਤੇ ਸ਼ੋ੍ਰਮਣੀ ਅਕਾਲੀ ਦਲ ਨਾਲ ਅੱਗੇ ਆ ਕੇ ਜੁੜ ਰਿਹਾ ਹੈ ਅਤੇ ਅਕਾਲੀ ਦਲ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ | ਨੌਜਵਾਨ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਵਲੋਂ ਪਿਛਲੇ ਸਮੇਂ ਦੌਰਾਨ ਸੇਰੋਂ ਵਿਖੇ ਕਰਵਾਇਆ ਗਿਆ ਇਕੱਠ ਬੇਮਿਸਾਲ ਸੀ, ਜਿਸ 'ਚ ਹਜ਼ਾਰਾਂ ਦੀ ਗਿਣਤੀ ਵਿਚ ਹਰ ਵਰਗ ਦੇ ਲੋਕਾਂ ਨੇ ਪਹੁੰਚ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕੀਤਾ ਸੀ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ | ਪਾਰਟੀ ਪ੍ਰਧਾਨ ਵਲੋਂ ਬੀਬੀ ਰਮਨਦੀਪ ਕੌਰ ਖਹਿਰਾ ਨੂੰ ਹਲਕਾ ਖਡੂਰ ਸਾਹਿਬ ਦਾ ਜੋ ਇੰਚਾਰਜ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ, ਉਸ 'ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਪਾਰਟੀ ਹੀ ਸੁਪਰੀਮ ਹੁੰਦੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਅਕਾਲੀ ਦਲ ਲਈ ਕੰਮ ਕਰਨ ਵਾਲੇ ਆਗੂਆਂ ਤੇ ਵਰਕਰਾਂ ਦਾ ਸਮੇਂ ਸਮੇਂ 'ਤੇ ਸਨਮਾਨ ਕੀਤਾ ਜਾਂਦਾ ਹੈ, ਇਥੋਂ ਤੱਕ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਮੰਤਰੀਆਂ ਅਤੇ ਵਿਧਾਇਕਾਂ ਤੋਂ ਇਲਾਵਾ ਅਕਾਲੀ ਵਰਕਰਾਂ ਨੂੰ ਵੀ ਉੱਚ ਅਹੁਦੇ ਦੇ ਕੇ ਨਿਵਾਜਿਆ ਗਿਆ ਹੈ | ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਬੀਬੀ ਰਮਨਦੀਪ ਕੌਰ ਖਹਿਰਾ ਦੀ ਅਗਵਾਈ ਵਿਚ ਖਡੂਰ ਸਾਹਿਬ ਹਲਕੇ ਵਿਚ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ |