ਤਰਨ ਤਾਰਨ, 28 ਅਪ੍ਰੈਲ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਰਾਏਪੁਰ (ਛੱਤੀਸਗੜ੍ਹ) ਵਿਖੇ ਲੰਮੇ ਸਮੇਂ ਤੋਂ ਸੇਵਾ ਕਾਰਜ ਜਾਰੀ ਹਨ | ਸੰਪਰਦਾਇ ਦੇ ਪ੍ਰਬੰਧ ਅਧੀਨ ਗੁਰਦੁਆਰਾ ਗੁਰਸਾਗਰ ਸਾਹਿਬ ਹੀਰਾਪੁਰ ਵਿਖੇ ਰਾਏਪੁਰ ਸ਼ਹਿਰ 'ਚ ਸਥਿਤ ਹੈ, ਜਿੱਥੇ ਬਾਬਾ ਸੁੱਖਾ ਸਿੰਘ ਵਲੋਂ ਕੁਝ ਸਮਾਂ ਪਹਿਲਾਂ ਨਵਾਂ ਦਰਬਾਰ ਹਾਲ ਬਣਾਇਆ ਗਿਆ | ਇਸ ਗੁਰਦੁਆਰਾ ਸਾਹਿਬ 'ਚ ਬੱਚਿਆਂ ਲਈ ਗੁਰਬਾਣੀ ਸੰਥਿਆ ਅਤੇ ਗਤਕਾ ਸਿਖਲਾਈ ਦਾ ਵਿਸ਼ੇਸ਼ ਪ੍ਰਬੰਧ ਹੈ ਅਤੇ ਗੁਰੂ ਕਾ ਲੰਗਰ 24 ਘੰਟੇ ਚੱਲਦਾ ਰਹਿੰਦਾ ਹੈ | ਬਾਬਾ ਸੁੱਖਾ ਸਿੰਘ ਵਲੋਂ ਰਾਏਪੁਰ ਵਿਚ ਗੁਰੂ ਗੋਬਿੰਦ ਸਿੰਘ ਖਾਲਸਾ ਪਬਲਿਕ ਸਕੂਲ ਦੀ ਸਥਾਪਨਾ ਸਾਲ 2013 ਵਿਚ ਕੀਤੀ ਗਈ ਸੀ, ਜੋ ਮਿਆਰੀ ਸਿੱਖਿਆ ਮੁਹੱਈਆ ਕਰਾਉਣ ਨਾਲ-ਨਾਲ ਰਾਏਪੁਰ 'ਚ ਵਸੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ, ਗੁਰਬਾਣੀ ਅਤੇ ਸਿੱਖੀ ਨਾਲ ਜੋੜਨ ਦਾ ਇਕ ਵਸੀਲਾ ਬਣਿਆ ਹੈ | ਅੱਜ ਇਸ ਸਕੂਲ 'ਚ ਨਵੇਂ ਸੈਸ਼ਨ ਦੀ ਆਰੰਭਤਾ ਵੇਲੇ ਗੁਰਮਤਿ ਸਮਾਗਮ ਹੋਇਆ, ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਉਪਰੰਤ ਕਥਾਵਾਚਕ ਗਿ. ਮੁਖਤਾਰ ਸਿੰਘ ਜਲੰਧਰ ਵਾਲਿਆਂ ਨੇ ਗੁਰਮਤਿ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ | ਦੀਵਾਨ ਵਿਚ ਭਾਈ ਕਰਤਾਰ ਸਿੰਘ ਕਿਰਤੀ ਸਭਰਾਵਾਂ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ | ਇੱਥੇ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ 'ਚ ਸੇਵਾਦਾਰਾਂ ਨੇ ਵਧ ਚੜ੍ਹ ਕੇ ਖੂਨਦਾਨ ਕੀਤਾ | ਇਸ ਮੌਕੇ ਰਾਏਪੁਰ, ਭਿਲਾਈ ਤੇ ਦੁਰਗ ਦੀਆਂ ਸਮੂਹ ਸਿੰਘ ਸਭਾਵਾਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁੰਮਾਇੰਦਿਆਂ ਨੇ ਵੀ ਹਾਜ਼ਰੀ ਭਰੀ | ਸਮਾਗਮ ਦੌਰਾਨ ਸੰਗਤ ਵਿਚ ਸੁਖਚੈਨ ਸਿੰਘ ਕੰਗ, ਜਸਬੀਰ ਸਿੰਘ ਚਾਹਲ, ਹਰਪਾਲ ਸਿੰਘ, ਲਖਵਿੰਦਰ ਸਿੰਘ, ਮਨਿੰਦਰਜੀਤ ਸਿੰਘ, ਜਸਵੰਤ ਸਿੰਘ, ਲਖਵਿੰਦਰ ਸਿੰਘ, ਸਤਵਿੰਦਰ ਸਿੰਘ ਪ੍ਰਧਾਨ, ਪਲਵਿੰਦਰ ਸਿੰਘ ਪੰਨੂੰ, ਗਿਆਨੀ ਸੁਖਜਿੰਦਰ ਸਿੰਘ, ਸਕੱਤਰ ਸਿੰਘ, ਅਮਰੀਕ ਸਿੰਘ, ਸੰਤੋਖ ਸਿੰਘ, ਬਲਕਾਰ ਸਿੰਘ, ਬਾਬਾ ਹਰਜਿੰਦਰ ਸਿੰਘ, ਸੁਖਦੀਪ ਸਿੰਘ, ਦਇਆ ਸਿੰਘ ਅਤੇ ਹੋਰ ਕਈ ਸਤਿਕਾਰਤ ਹਸਤੀਆਂ ਹਾਜ਼ਰ ਸਨ |