ਤਰਨ ਤਾਰਨ, 28 ਅਪ੍ਰੈਲ (ਹਰਿੰਦਰ ਸਿੰਘ)-ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਮੁੰਡਿਆਂ ਦੇ ਅੰਡਰ 23 ਇਕ ਦਿਨ ਕਿ੍ਕਟ ਟੂਰਨਾਮੈਂਟ 'ਚ ਤਰਨ ਤਾਰਨ ਜ਼ਿਲ੍ਹੇ ਦੀ ਕਿ੍ਕਟ ਟੀਮ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ | ਅੰਮਿ੍ਤਸਰ-ਪਠਾਨਕੋਟ ਦੀ ਕਿ੍ਕਟ ਟੀਮ ਨਾਲ ਖੇਡੇ ਗਏ ਮੈਚ ਵਿਚ ਤਰਨ ਤਾਰਨ ਕਿ੍ਕਟ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ 'ਚ ਸ਼ਾਨਦਾਰ 346 ਦੌੜਾਂ ਬਣਾਈਆਂ | ਇਨ੍ਹਾਂ 'ਚ ਪਿਛਲੇ ਮੈਚ ਦੇ ਸ਼ਤਕਵੀਰ ਗਣੇਸ਼ ਨੇ 102 ਦੌੜਾਂ, ਇਮਰੋਜਪ੍ਰੀਤ ਨੇ 106 ਅਤੇ ਵਿਕਟ ਕੀਪਰ ਬੱਲੇਬਾਜ ਸੁਖਦੀਪ ਵਿਰਦੀ ਨੇ 52 ਦੌੜਾਂ ਦਾ ਯੋਗਦਾਨ ਪਾਇਆ | ਤਰਨ ਤਾਰਨ ਵਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਉੱਤਰੀ ਪਠਾਨਕੋਟ ਦੀ ਟੀਮ ਸ਼ੁਰੂ ਵਿਚ ਹੀ ਲੜਖੜਾ ਗਈ ਅਤੇ ਉਸ ਦਾ ਕੋਈ ਵੀ ਬੱਲੇਬਾਜ ਕਰੀਜ 'ਤੇ ਜਮ ਨਹੀਂ ਸਕਿਆ | ਤਰਨ ਤਾਰਨ ਦੇ ਤੇਜ਼ ਗੇਂਦਬਾਜ ਸੁਖਚੈਨ ਸਿੰਘ ਨੇ ਪੰਜ ਅਮਰਵੀਰ ਲਹਿਲ ਨੇ ਤਿੰਨ ਅਤੇ ਨਮਤਵੀਰ ਨੇ ਦੋ ਖਿਡਾਰੀਆਂ ਨੂੰ ਆਊਟ ਕੀਤਾ | ਇਸ ਜਿੱਤ ਨੇ ਤਰਨ ਤਰਨ ਕਿ੍ਕਟ ਟੀਮ ਦੇ ਨਾ ਸਿਰਫ ਖਿਡਾਰੀ, ਬਲਕਿ ਕੋਚ ਸਰਤਾਜ ਸਿੰਘ ਵਿਚ ਨਵਾਂ ਜੋਸ਼ ਭਰ ਦਿੱਤਾ | ਇਨ੍ਹਾਂ ਦੀ ਜਿੱਤ 'ਤੇ ਵਧਾਈ ਦਿੰਦਿਆਂ ਤਰਨ ਤਾਰਨ ਕਿ੍ਕਟ ਐਸੋਸੀਏਸ਼ਨ ਦੇ ਪ੍ਰਬੰਧਕਾਂ ਪ੍ਰਧਾਨ ਅਭੈਜੀਤ ਸਿੰਘ ਸੰਧੂ, ਉਪ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਸੰਧੂ, ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ, ਸ਼ੇਰਜੰਗ ਸਿੰਘ ਹੁੰਦਲ, ਲਵਪ੍ਰੀਤ ਸਿੰਘ ਨੇ ਪੂਰੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਭ ਨੂੰ ਵਧਾਈ ਦਿੱਤੀ |