ਤਰਨ ਤਾਰਨ, 2 ਮਈ (ਹਰਿੰਦਰ ਸਿੰਘ)-ਤਰਨ ਤਾਰਨ ਸ਼ਹਿਰ 'ਚੋਂ ਲੰਘਦੀ ਰੋਹੀ ਜਿਸ ਨੂੰ (ਕਸੂਰ ਨਾਲਾ) ਵੀ ਕਿਹਾ ਜਾਂਦਾ ਹੈ, ਦੀ ਕਈ ਦਹਾਕਿਆਂ ਤੋਂ ਸਾਫ਼ ਸਫਾਈ ਨਾ ਹੋਣ ਕਾਰਨ ਇਸ ਵਿਚ ਭਾਰੀ ਗੰਦਗੀ ਤੇ ਕਲਾਲੀ ਬੂਟੀ ਪਈ ਹੈ, ਜਿਸ ਕਾਰਨ ਜਿਥੇ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ, ਉਥੇ ਹੜ੍ਹਾਂ ਦੇ ਸੀਜਨ ਦੌਰਾਨ ਹੜ੍ਹਾਂ ਦੇ ਵਾਧੂ ਪਾਣੀ ਨੂੰ ਇਸ ਰੋਹੀ ਵਿਚ ਛੱਡਿਆ ਜਾਂਦਾ ਹੈ ਤਾਂ ਉਸ ਸਮੇਂ ਕਲਾਲੀ ਬੂਟੀ ਪਾਣੀ ਦੇ ਨਿਕਾਸ ਵਿਚ ਵੱਡੀ ਰੁਕਾਵਟ ਪੈਦਾ ਕਰਦੀ ਹੈ ਅਤੇ ਹੜ੍ਹਾਂ ਦੇ ਪਾਣੀ ਨਾਲ ਕਿਸਾਨਾਂ ਤੇ ਲੋਕਾਂ ਦਾ ਵੱਡਾ ਨੁਕਸਾਨ ਹੁੰਦਾ ਹੈ | ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਵੀ ਸਰਕਾਰ ਨੇ ਇਸ ਤਰਫ਼ ਧਿਆਨ ਨਹੀਂ ਦਿੱਤਾ | ਇਥੇ ਦੱਸਣਾ ਬਣਦਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲੇ ਸ਼ਹਿਰ ਤੋਂ ਸ਼ੁਰੂ ਹੁੰਦੀ ਇਹ ਰੋਹੀ ਜੋ ਕਿ ਤਰਨ ਤਾਰਨ ਜ਼ਿਲ੍ਹੇ 'ਚੋਂ ਲੰਘਦੀ ਹੋਈ ਤਰਨ ਤਾਰਨ ਸ਼ਹਿਰ 'ਚੋਂ ਲੰਘਦੀ ਹੋਈ ਝਬਾਲ-ਭਿੱਖੀਵਿੰਡ ਤੋਂ ਹੁੰਦੀ ਹੋਈ ਪਾਕਿਸਤਾਨ ਦੀ ਤਰਫ਼ ਚਲੀ ਜਾਂਦੀ ਹੈ | ਰੋਹੀ ਦੀ ਕਈ ਦਹਾਕਿਆਂ ਤੋਂ ਡਰੇਨਜ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਫ਼ ਸਫਾਈ ਨਾ ਕਰਵਾਉਣ ਕਾਰਨ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ 'ਚੋਂ ਗੰਦੀ ਬਦਬੂ ਆ ਰਹੀ ਹੈ ਅਤੇ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਰੋਹੀ ਵਿਚ ਖ਼ੜੇ ਗੰਦੇ ਪਾਣੀ ਵਿਚ ਮੱਛਰ, ਮੱਖੀਆਂ ਤੇ ਹੋਰ ਜੀਵ ਜੰਤੂ ਪੈਦਾ ਹੋ ਰਹੇ ਹਨ, ਉਥੇ ਰੋਹੀ ਕਿਨਾਰੇ ਉਗੀਆਂ ਝਾੜੀਆਂ ਵੀ ਲੁੱਟ-ਖੋਹ ਕਰਨ ਵਾਲੇ ਲੋਕਾਂ ਲਈ ਲੁਕਣਗਾਹ ਬਣੀਆਂ ਹੋਈਆਂ ਹਨ | ਸ਼ਹਿਰ ਦੇ ਰੋਹੀ ਪੁਲ ਦੇ ਦੋਵਾਂ ਕਿਨਾਰਿਆਂ 'ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ ਅਤੇ ਲੋਕਾਂ ਵਲੋਂ ਵੀ ਘਰਾਂ ਦਾ ਕੂੜਾ ਰੋਹੀ 'ਚ ਕੂੜਾ ਸੁੱਟਿਆ ਜਾ ਰਿਹਾ ਹੈ, ਉਥੇ ਪੁਲ ਉਪਰ ਸਬਜ਼ੀ, ਫਲ ਫਰੂਟ, ਫਾਸਟ ਫੂਡ ਵੇਚਣ, ਮੀਟ, ਮੱਛੀ ਵੇਚਣ ਵਾਲੀਆਂ ਰੇਹੜੀਆਂ ਵਾਲਿਆਂ ਵਲੋਂ ਸਾਰਾ ਕੂੜਾ ਕਰਕਟ ਰੋਹੀ ਵਿਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਰੋਹੀ ਪੁੱਲ ਦੇ ਆਸ-ਪਾਸ ਕੂੜੇ ਕਰਕਟ ਪਿਆ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਰੋਹੀ ਕਿਨਾਰੇ ਕਈ ਮੁਹੱਲੇ ਹਨ, ਜਿਨ੍ਹਾਂ 'ਚ ਵੱਡੀ ਆਬਾਦੀ ਵਿਚ ਲੋਕ ਰਹਿੰਦੇ ਹਨ, ਉਥੇ ਰੋਹੀ ਕਿਨਾਰੇ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ ਤੋਂ ਇਲਾਵਾ ਕਈ ਪ੍ਰਾਈਵੇਟ ਕਲੀਨਿਕ, ਸਰਕਾਰੀ ਤੇ ਪ੍ਰਾਈਵੇਟ ਸਕੂਲ, ਲੋਕਾਂ ਦੀਆਂ ਦੁਕਾਨਾਂ ਅਤੇ ਘਰ ਵੀ ਹਨ | ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਦਾ ਰਸਤਾ ਵੀ ਰੋਹੀ ਪੁਲ ਦੇ ਕਿਨਾਰੇ ਤੋਂ ਹੋ ਕੇ ਪਾਰਿਕੰਗ 'ਚ ਜਾਂਦਾ ਹੈ ਅਤੇ ਰੋਜ਼ਾਨਾਂ ਹੀ ਵੱਡੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ ਹਨ, ਜਿਨ੍ਹਾਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਦੀ ਹੈ | ਹਰ ਸਾਲ ਆਉਣ ਵਾਲੇ ਹੜ੍ਹਾਂ ਦੌਰਾਨ ਜਦੋਂ ਇਸ ਵਿਚ ਹੜ੍ਹਾਂ ਦਾ ਵਾਧੂ ਪਾਣੀ ਛੱਡਿਆ ਜਾਂਦਾ ਹੈ ਤਾਂ ਇਸ ਵਿਚ ਪਈ ਕਲਾਲੀ ਬੂਟੀ ਪਾਣੀ ਦੇ ਨਿਕਾਸ ਵਿਚ ਵੱਡੀ ਰੁਕਾਵਟ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਰੋਹੀ ਕਿਨਾਰੇ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਪਾਣੀ ਆ ਜਾਂਦਾ ਹੈ ਅਤੇ ਹਰ ਸਾਲ ਹੀ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬ ਜਾਂਦੀ ਹੈ, ਉਥੇ ਰੋਹੀ ਕਿਨਾਰੇ ਰਹਿਣ ਵਾਲੇ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਆ ਜਾਣ ਕਾਰਨ ਲੋਕਾਂ ਦਾ ਵੱਡੀ ਨੁਕਸਾਨ ਹੁੰਦਾ ਹੈ ਪਰ ਨਾ ਤਾਂ ਸੰਬੰਧਿਤ ਡਰੇਨਜ਼ ਵਿਭਾਗ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਸ ਤਰਫ਼ ਧਿਆਨ ਦਿੱਤਾ ਜਾ ਰਿਹਾ ਹੈ | ਸ਼ਹਿਰ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਤੇ ਡਰੇਨਜ਼ ਵਿਭਾਗ ਪਾਸੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਰੋਹੀ ਦੀ ਸਾਫ਼ ਸਫਾਈ ਕਰਵਾਉਣ ਲਈ ਕਾਰਜ ਆਰੰਭ ਕੀਤੇ ਜਾਣ | ਹੁਣ ਦੇਖਣਾ ਇਹ ਹੋਵੇਗਾ ਕਿ ਡਰੇਨਜ਼ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਹੜ੍ਹਾਂ ਦੇ ਅਗਾਊ ਪ੍ਰਬੰਧਾਂ ਲਈ ਰੋਹੀ ਵਿਚ ਸਾਫ਼ ਸਫਾਈ ਦਾ ਕੰਮ ਸ਼ੁਰੂ ਕਰਵਾਉਂਦਾ ਹੈ ਜਾਂ ਹੜ੍ਹਾਂ ਦੌਰਾਨ ਇਸੇ ਤਰ੍ਹਾਂ ਕਿਸਾਨਾਂ ਅਤੇ ਲੋਕਾਂ ਦਾ ਨੁਕਸਾਨ ਹੋਣ ਬਦਸਤੂਰ ਜਾਰੀ ਰਹੇਗਾ |