ਓਠੀਆਂ, 3 ਮਈ (ਗੁਰਵਿੰਦਰ ਸਿੰਘ ਛੀਨਾ)-ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਵੱਖ-ਵੱਖ ਮੰਡੀਆਂ ਓਠੀਆਂ, ਮਾਨਾਂਵਾਲਾ, ਭੀਲੋਵਾਲ, ਜਸਰਾਊਰ, ਲੋਪੋਕੇ, ਚੋਗਾਵਾਂ, ਖਿਆਲਾ ਆਤੇ ਹੋਰ ਮੰਡੀਆਂ ਵਿਚ ਪਹੁੰਚ ਕੇ ਆੜਤੀਆਂ ਦੀਆਂ ਸਮੱਸਿਆਵਾਂ ਸੁਣੀਆਂ | ਆੜਤੀ ਯੂਨੀਅਨ ਮਾਨਾਂਵਾਲਾ ਦੇ ਪ੍ਰਧਾਨ ਸ਼ੇਰ ਸਿੰਘ ਚੈਨਪੁਰ ਨੇ ਐੱਮ. ਪੀ. ਔਜਲਾ ਨੂੰ ਆਪਣੀਆਂ ਮੁਸ਼ਕਿਲਾਂ ਸੰਬੰਧੀ ਦੱਸਿਆ ਕਿ ਜਿੰਨਾਂ ਚਿਰ ਸਾਡੀ ਕਣਕ ਗੋਦਾਮਾਂ ਵਿਚ ਲੱਗਦੀ ਨਹੀਂ ਉਨਾਂ ਚਿਰ ਤੱਕ ਸਾਡੇ 'ਤੇ ਬਹੁਤਾ ਹੀ ਖਰਚਾ ਪੈਂਦਾ ਹੈ | ਸਰਕਾਰ ਵਲੋਂ ਸਾਨੂੰ ਬਾਰਦਾਨਾ ਤੇ ਗੋਦਾਮ ਵੀ ਮਾੜੀ ਹਾਲਤ ਵਿਚ ਦਿੱਤੇ ਹਨ, ਜਿਸ ਕਾਰਨ ਸਾਨੂੰ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਾਡੇ 'ਤੇ ਭਾਰੀ ਖਰਚਾ ਪੈ ਰਿਹਾ ਹੈ | ਐੱਮ. ਪੀ. ਔਜਲਾ ਨੇ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕੇ ਮੌਸਮ ਖ਼ਰਾਬ ਹੋਣ ਕਾਰਨ ਆੜਤੀਆਂ ਦਾ ਭਾਰੀ ਨੁਕਸਾਨ ਹੋਣ ਦਾ ਡਰ ਹੈ | ਮੰਡੀਆਂ ਵਿਚ ਕਣਕ ਦੇ ਲੱਗੇ ਢੇਰਾਂ ਨੂੰ ਜਲਦੀ ਚੁੱਕਿਆ ਜਾਵੇ ਤੇ ਆੜਤੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇ | ਇਸ ਮੌਕੇ ਪ੍ਰਧਾਨ ਪ੍ਰੋ. ਸ਼ੇਰ ਸਿੰਘ ਚੈਨਪੁਰ, ਗੁਰਭੇਜ ਸਿੰਘ ਤੱਲੇ, ਸੁਖਦੇਵ ਸਿੰਘ ਸੋੜੀਆ, ਸੀਨੀਅਰ ਪ੍ਰਧਾਨ ਮਲਕੀਤ ਸਿੰਘ ਮੋੜੇ, ਹਰਪਾਲ ਸਿੰਘ ਆੜਤੀ, ਲਖਵਿੰਦਰ ਸਿੰਘ ਆੜਤੀ, ਅਮਨਦੀਪ ਸਿੰਘ, ਰਵਿੰਦਰ ਸਿੰਘ ਬਾਜਵਾ, ਜੁਗਰਾਜ ਸਿੰਘ ਬਾਜਵਾ ਤੇ ਹੋਰ ਹਾਜ਼ਰ ਸਨ |