ਅਟਾਰੀ, 3 ਮਈ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੇ ਪਿੰਡ ਰਾਮਪੁਰਾ ਵਿਖੇ ਪਾਣੀ ਦੇ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਰਾਮਪੁਰਾ ਦੇ ਸਾਬਕਾ ਸਰਪੰਚ ਲਾਭ ਸਿੰਘ, ਮੈਂਬਰ ਬੀਬੀ ਕਸ਼ਮੀਰ ਕੌਰ, ਮੈਂਬਰ ਬੀਬੀ ਜਿੰਦਰ ਕੌਰ ਅਤੇ ਲਛਮਣ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਪਿੰਡ ਦੇ ਮੇਨ ਰਸਤੇ ਜਿੱਥੋਂ ਦੀ ਸਮੂਹ ਪਿੰਡ ਵਾਸੀ ਲੰਘਦੇ ਹਨ ਅਤੇ ਹੋਰ ਪਿੰਡਾਂ ਨੂੰ ਵੀ ਰਸਤਾ ਜੋੜਦਾ ਹੈ, ਉਸ ਵਿਚ ਪਾਣੀ ਖੜਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਆਉਂਦੀਆਂ ਹਨ ਅਤੇ ਲੋਕ ਦੂਸਰਿਆਂ ਰਸਤਿਆਂ ਵਿਚੋਂ ਦੀ ਲੰਘ ਕੇ ਆਪਣੇ ਘਰਾਂ ਨੂੰ ਜਾਂਦੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਨੇ ਐੱਸ. ਡੀ. ਐੱਮ. ਅੰਮਿ੍ਤਸਰ-2 ਨੂੰ ਲਿਖਤੀ ਦਰਖਾਸਤ ਦਿੱਤੀ ਜਿਨ੍ਹਾਂ ਵਲੋਂ ਮਾਰਕ ਕਰਕੇ ਬੀ. ਡੀ. ਪੀ. ਓ. ਬਲਾਕ ਅਟਾਰੀ ਨੂੰ ਭੇਜੀ ਗਈ ਪਰ ਕੋਈ ਅਸਰ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੀ ਪੁਲਿਸ ਚੌਂਕੀ ਖਾਸਾ ਵਿਖੇ ਵੀ ਦਰਖਾਸਤ ਦਰਜ ਕਰਵਾਈ ਗਈ ਸੀ ਕਿ ਰਸਤੇ ਵਿਚ ਖੜੇ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ ਪਰ ਮੁਸ਼ਕਿਲਾਂ ਹੱਲ ਨਹੀਂ ਹੋਈਆਂ | ਗੰਦੇ ਖੜੇ ਪਾਣੀ ਕਾਰਨ ਉਹ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ | ਇਸ ਮੌਕੇ ਪਿੰਡ ਰਾਮਪੁਰਾ ਦੇ ਅਕਾਲੀ ਆਗੂ ਹਰਦੇਵ ਸਿੰਘ, ਦਸ਼ਮੇਸ਼ ਤਰਨਾ ਦਲ ਤੋਂ ਐਕਸ਼ਨ ਕਮੇਟੀ ਦੇ ਨੁਮਾਇੰਦੇ ਕਰਨ ਸਿੰਘ ਅਤੇ ਡਾ. ਜੈਮਲ ਸਿੰਘ ਭਗਵਾਨ ਵਾਲਮੀਕ ਸ਼ਕਤੀ ਦਲ ਦੇ ਆਗੂ ਵੀ ਪਿੰਡ ਦੇ ਸਰਪੰਚ ਨੂੰ ਮਿਲੇ ਹਨ | ਇਸ ਸੰਬੰਧੀ ਬੀ. ਡੀ. ਪੀ. ਓ. ਬਲਾਕ ਅਟਾਰੀ ਅਤੇ ਮੌਜੂਦਾ ਸਰਪੰਚ ਗੁਰਚਰਨ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਗ੍ਰਾਮ ਪੰਚਾਇਤ ਨਾਲ ਗੱਲਬਾਤ ਕਰਕੇ ਪਾਣੀ ਦਾ ਮਸਲਾ ਹੱਲ ਕਰ ਦੇਣਗੇ ਤਾਂ ਜੋ ਪਿੰਡ ਵਾਸੀਆਂ ਦੀ ਮੁਸ਼ਕਿਲ ਹੱਲ ਕੀਤੀ ਜਾਵੇ |