ਅਜਨਾਲਾ, 3 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਅਜਨਾਲਾ ਦੀਆਂ ਵੱਖ-ਵੱਖ ਮੰਡੀਆਂ ਵਿਚ ਕਣਕ ਦੀ ਲਿਫ਼ਟਿੰਗ ਦੀ ਆ ਰਹੀ ਸਮੱਸਿਆ ਦੇ ਹੱਲ ਲਈ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਮਾਰਕੀਟ ਕਮੇਟੀ ਅਜਨਾਲਾ ਦੇ ਦਫ਼ਤਰ ਵਿਖੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਣਕ ਦੀ ਲਿਫ਼ਟਿੰਗ ਵਿਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਕਣਕ ਦੀ ਖ਼ਰੀਦ, ਅਦਾਇਗੀ ਤੇ ਲਿਫ਼ਟਿੰਗ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਪਰ ਕੁਝ ਥਾਵਾਂ 'ਤੇ ਕਣਕ ਦੀ ਅਨਲੋਡਿੰਗ ਦੀ ਸਮੱਸਿਆ ਆ ਰਹੀ ਹੈ, ਜਿਸ ਨੂੰ ਦੂਰ ਕਰਨ ਲਈ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਹੋ ਗਈ ਹੈ | ਇਸ ਮੌਕੇ ਮਾਰਕੀਟ ਕਮੇਟੀ ਅਜਨਾਲਾ ਦੇ ਸਕੱਤਰ ਅਮਰਦੀਪ ਕੌੜਾ, ਏ.ਐੱਫ.ਐੱਸ.ਓ. ਸੰਦੀਪ ਸਿੰਘ, ਆੜ੍ਹਤੀ ਯੂਨੀਅਨ ਪ੍ਰਧਾਨ ਹਰਵਿੰਦਰ ਸਿੰਘ ਸ਼ਾਹ, ਪ੍ਰਧਾਨ ਸਤਬੀਰ ਸਿੰਘ ਸੰਧੂ, ਇੰਸਪੈਕਟਰ ਪਨਗ੍ਰੇਨ ਸੁਮਿਤ ਪ੍ਰਭਾਕਰ, ਇੰਸਪੈਕਟਰ ਮਾਰਕਫੈੱਡ ਗੁਰਤੇਜ ਸਿੰਘ, ਇੰਸ: ਵੇਅਰਹਾਊਸ ਕੁਲਦੀਪ ਸਿੰਘ, ਇੰਸ: ਪਨਸਪ ਮਨਜੀਤ ਸਿੰਘ, ਆੜ੍ਹਤੀ ਆਗੂ ਮਨਜੀਤ ਸਿੰਘ ਬਾਠ, ਇੰਦਰਜੀਤ ਸਿੰਘ ਪੰਡੋਰੀ ਤੇ ਹੋਰ ਹਾਜ਼ਰ ਸਨ |