ਤਰਨ ਤਾਰਨ, 6 ਮਈ (ਪਰਮਜੀਤ ਜੋਸ਼ੀ)-ਕੇਂਦਰੀ ਜੇਲ੍ਹ ਗੋਇੰਦਵਾਲ ਦੀ ਚੈਕਿੰਗ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਹੋਣ ਦੇ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਪੁਲਿਸ ਨੇ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਲਿਖਤੀ ਸ਼ਿਕਾਇਤ ਦਰਜ ਕਰਵਆਈ ਕਿ 3 ਮਈ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਟਾਵਰ ਨੰਬਰ-4 ਅਤੇ ਟਾਵਰ ਨੰਬਰ 5 ਦੇ ਪਿੱਛੇ ਲਵਾਰਿਸ ਹਾਲਤ ਵਿਚ 8 ਪੈਕੇਟ ਬਰਾਮਦ ਹੋਇਆ ਹੈ, ਜਿਸ ਵਿਚੋਂ 260 ਨਸ਼ੀਲੇ ਕੈਪਸੂਲ, 19 ਪੁੜੀਆਂ ਤੰਬਾਕੂ, 35 ਬੰਡਲ ਬੀੜੀਆਂ, 6 ਪੁੜੀਆਂ ਕੂਲਲਿੱਪ ਬਰਾਮਦ ਕੀਤੇ ਹਨ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਕਿ 18 ਅਪ੍ਰੈਲ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਟਾਵਰ ਨੰਬਰ 5 ਅਤੇ 6 ਦੇ ਵਿਚਾਕਰ ਤੋਂ ਬਾਹਰੋਂ ਕੁਝ ਪੈਕੇਟ ਸੁੱਟੇ ਗਏ | ਤਲਾਸ਼ੀ ਦੌਰਾਨ ਜੇਲ੍ਹ ਪ੍ਰਸ਼ਾਸਨ 5 ਲਵਾਰਿਸ ਪੈਕੇਟ ਅਤੇ 5 ਬੋਤਲਾਂ ਸ਼ਰਾਬ ਬਰਾਮਦ ਹੋਈਆਂ | ਇਨ੍ਹਾਂ ਪੈਕੇਟਾਂ ਵਿਚ 12 ਪੈਕੇਟ ਤੰਬਾਕੂ, 160 ਨਸ਼ੀਲੇ ਕੈਪਸੂਲ, 24 ਬੀੜੀਆਂ ਦੇ ਬੰਡਲ ਅਤੇ 1 ਪੈਕੇਟ ਸਿਗਰੇਟ ਲਵਾਰਿਸ ਹਾਲਤ ਵਿਚ ਮਿਲੇ | ਥਾਣਾ ਗੋਇੰਦਵਾਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਜੇਲ੍ਹ ਵਿਚ ਇਹ ਸਮਾਨ ਕਿਸ ਤਰ੍ਹਾਂ ਪਹੁੰਚਿਆ |