18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸੀ. ਜੇ. ਐੱਮ. ਕਿਰਨ ਜੋਤੀ ਵਲੋਂ ਸੈਂਟਰਲ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦਾ ਅਚਨਚੇਤ ਦੌਰਾ

Ad Position 21
No active advertisement
ਅਜੀਤ ਡੈਸਕ 07-05-2026
ਗੋਇੰਦਵਾਲ ਸਾਹਿਬ, 6 ਮਈ (ਸਕੱਤਰ ਸਿੰਘ ਅਟਵਾਲ)-ਚੀਫ਼ ਜੁਡੀਸ਼ੀਅਲ ਮੈਜੀਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਮਿਸ ਕਿਰਨ ਜੋਤੀ ਵਲੋਂ ਸੈਂਟਰਲ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦਾ ਅਚਨਚੇਤ ਦੌਰਾ ਕੀਤਾ ਗਿਆ | ਇਸ ਮੌਕੇ ਜੇਲ੍ਹ ਸੁਪਰਡੰਟ ਮਨਜੀਤ ਸਿੰਘ ਟਿਵਾਣਾ, ਡਿਪਟੀ ਸੁਪਰਡੰਟ ਜਤਿੰਦਰਪਾਲ ਸਿੰਘ, ਡਿਪਟੀ ਸੁਪਰਡੰਟ ਗੁਰਜੰਟ ਸਿੰਘ ਅਤੇ ਜੇਲ੍ਹ ਦਾ ਸਟਾਫ਼ ਮੌਜੂਦ ਸੀ | ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਨੇ ਇਸ ਮੌਕੇ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਹੀ ਜੇਲ੍ਹ ਸੁਪਰਡੰਟ ਨੂੰ ਉਨ੍ਹਾਂ ਦਾ ਹੱਲ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ | ਉਨ੍ਹਾਂ ਜੇਲ੍ਹ ਵਿਚ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਬੈਰਕਾਂ ਵਿਚ ਜਾ ਕੇ ਉਨ੍ਹਾਂ ਦੇ ਰਹਿਣ-ਸਹਿਣ ਅਤੇ ਸਾਫ਼-ਸਫ਼ਾਈ ਦੀ ਜਾਂਚ ਕੀਤੀ ਅਤੇ ਜੇਲ੍ਹ ਦੀ ਮੈੱਸ (ਰਸੋਈ) ਵੀ ਚੈੱਕ ਕੀਤੀ ਅਤੇ ਉਥੋਂ ਦੀ ਸਾਫ਼-ਸਫ਼ਾਈ ਦਾ ਵੀ ਨਿਰੀਖਣ ਕੀਤਾ | ਸੀ. ਜੇ. ਐੱਮ. ਨੇ ਜੇਲ੍ਹ ਸੁਪਰਡੰਟ ਨੂੰ ਨਿਰਦੇਸ਼ ਦਿੱਤੇ ਕਿ ਹਵਾਲਾਤੀਆਂ ਅਤੇ ਕੈਦੀਆਂ ਦੀ ਨਿਯਮਿਤ ਮੈਡੀਕਲ ਜਾਂਚ ਹੁੰਦੀ ਰਹੇ | ਉਨ੍ਹਾਂ ਵਲੋਂ ਮੌਜੂਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਉਹ ਆਪਣੀ ਅਪੀਲ ਕਦੋਂ ਅਤੇ ਕਿਸ ਪੀਰੀਅਡ ਦੇ ਦੌਰਾਨ ਲਗਾ ਸਕਦੇ ਹਨ | ਇਸ ਮੌਕੇ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹਵਾਲਾਤੀਆਂ ਤੇ ਕੈਦੀਆਂ ਨੂੰ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ | ਇਸ ਮੌਕੇ ਉਨ੍ਹਾਂ ਹਵਾਲਾਤੀਆਂ ਤੇ ਕੈਦੀਆਂ ਦੇ ਕਾਨੂੰਨੀ ਸਹਾਇਤਾ ਲੈਣ ਵਾਸਤੇ ਫਾਰਮ ਵੀ ਭਰੇ ਅਤੇ ਆਪਣੇ ਸਟਾਫ਼ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਫਾਰਮਾਂ ਦੀ ਸਾਰੀ ਕਾਰਵਾਈ ਪੂਰਾ ਕਰਕੇ ਜਲਦੀ ਤੋਂ ਜਲਦੀ ਕਾਨੂੰਨੀ ਸਹਾਇਤਾ ਦਿੱਤੀ ਜਾਵੇ | ਇਸ ਮੌਕੇ ਉਨ੍ਹਾਂ ਕੈਦੀਆਂ ਤੇ ਹਵਾਲਾਤੀਆਂ ਨੂੰ ਇਹ ਸਲਾਹ ਦਿੱਤੀ ਕਿ ਉਹ ਸਮਾਜ ਵਿਚ ਰਹਿ ਕੇ ਆਮ ਇਨਸਾਨ ਵਾਂਗ ਆਪਣਾ ਜੀਵਨ ਨਿਰਬਾਹ ਕਰਨ ਅਤੇ ਦੁਬਾਰਾ ਕੋਈ ਵੀ ਗ਼ਲਤ ਕੰਮ ਕਰਕੇ ਜੇਲ੍ਹ ਵਿਚ ਨਾ ਆਉਣ |
Ad Position 22
No active advertisement
ਪਿਛਲੀ ਖ਼ਬਰ ਨਹਿਰ ਵਿਚੋਂ ਅਣਪਛਾਤੀ ਔਰਤ ਦੀ ਲਾਸ਼ ਮਿਲੀ ਅਗਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਨਸ਼ੀਲੇ ਪਦਾਰਥ ਬਰਾਮਦ
Ad Position 24