ਗੋਇੰਦਵਾਲ ਸਾਹਿਬ, 6 ਮਈ (ਸਕੱਤਰ ਸਿੰਘ ਅਟਵਾਲ)-ਗੁਰਦੁਆਰਾ ਨਾਨਕ ਪੜਾਓ ਸਾਹਿਬ ਫਤਿਆਬਾਦ ਵਿਖੇ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਗਏ | ਇਨ੍ਹਾਂ ਧਾਰਮਿਕ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਭਾਗ ਲਿਆ, ਜਿੱਥੇ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਮੁਕਾਬਲੇ ਵਿਚ ਭਾਗ ਲਿਆ | ਇਸ ਜ਼ਿਲ੍ਹਾ ਪੱਧਰੀ ਗੁਰਬਾਣੀ ਕੀਰਤਨ ਮੁਕਾਬਲੇ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ | ਇਸ ਗੁਰਬਾਣੀ ਕੀਰਤਨ ਦੀ ਟੀਮ ਵਿਚ 7 ਵਿਦਿਆਰਥੀ ਤਨਵੀਰ ਕੌਰ ਜਮਾਤ ਨੌਵੀਂ, ਨਵਰੀਤ ਕੌਰ ਨੌਵੀਂ ਜਮਾਤ, ਸਹਿਜਦੀਪ ਸਿੰਘ ਜਮਾਤ ਦੱਸਵੀਂ, ਹਰਮਨਦੀਪ ਸਿੰਘ ਜਮਾਤ ਗਿਆਰਵੀਂ, ਅਵਨੀਤ ਕੌਰ ਜਮਾਤ ਗਿਆਰਵੀਂ, ਜਸਲੀਨ ਕੌਰ ਜਮਾਤ ਗਿਆਰਵੀਂ ਅਤੇ ਪਾਲਪ੍ਰੀਤ ਸਿੰਘ ਜਮਾਤ ਗਿਆਰਵੀਂ ਸ਼ਾਮਿਲ ਸਨ, ਜਿਨ੍ਹਾਂ ਨੇ ਪੜਤਾਲ ਗਾਇਨ ਰਾਹੀਂ ਨਿਰਧਾਰਤ ਰਾਗ ਤੇ ਪੰਜ ਤਾਲਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਸੰਗਤਾਂ ਨੂੰ ਨਿਹਾਲ ਕੀਤਾ | ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਦੇ ਸੰਗੀਤ ਅਧਿਆਪਕ ਹਰਜੀਤ ਸਿੰਘ ਵਲੋਂ ਤਿਆਰ ਕੀਤਾ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਮਨੀਸ਼ਾ ਸੂਦ ਨੇ ਅਤੇ ਅਧਿਆਪਕ ਵਰਗ ਨੇ ਵਿਦਿਆਰਥੀਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਉੱਚੀਆਂ ਉਡਾਣਾਂ ਭਰਨ ਲਈ ਪ੍ਰੇਰਿਤ ਕੀਤਾ | ਇਹ ਮੁਕਾਬਲੇ ਸਿੱਖਿਆ ਦੇ ਨਾਲ-ਨਾਲ ਧਾਰਮਿਕ ਅਤੇ ਆਤਮਿਕ ਮੁੱਲਾਂ ਨੂੰ ਉਭਾਰਨ ਦਾ ਇਕ ਵਧੀਆ ਮਾਧਿਅਮ ਸਾਬਤ ਹੋਏ ਹਨ, ਜਿਨ੍ਹਾਂ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਿਆ ਜਾ ਰਿਹਾ ਹੈ |