ਫਤਿਆਬਾਦ, 15 ਮਈ (ਹਰਵਿੰਦਰ ਸਿੰਘ ਧੂੰਦਾ)-ਲੋਟਸ ਵੈਲੀ ਸੀਨੀਅਰ ਸਕੂਲ ਪਿੰਡ ਢੋਟੀਆਂ, ਕੋਟ ਮੁਹੰਮਦ ਖਾਂ ਨੇ ਸੀ. ਬੀ. ਐੱਸ. ਈ. ਸੀਨੀਅਰ ਸਕੂਲ ਸਰਟੀਫਿਕੇਟ ਪ੍ਰੀਖਿਆ ਕਲਾਸ ਬਾਰ੍ਹਵੀਂਾ ਵਿਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਇਕ ਵਾਰ ਫਿਰ ਇਲਾਕੇ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ | ਸਕੂਲ ਦੇ ਵਿਦਿਆਰਥੀਆਂ ਦੀ ਕਾਮਯਾਬੀ ਨਾਲ ਸਕੂਲ ਕੈਂਪਸ ਵਿਚ ਖੁਸ਼ੀ ਅਤੇ ਮਾਣ ਦਾ ਮਾਹੌਲ ਬਣ ਗਿਆ | ਸਕੂਲ ਦੇ ਵਿਦਿਆਰਥੀਆ ਨੇ ਵੱਖ-ਵੱਖ ਵਿਸ਼ਿਆਂ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਕਾਮਯਾਬੀ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ ਗਿਆ | ਵਿਦਿਆਰਥਣ ਪਲਕਦੀਪ ਕੌਰ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਪਲਕਪ੍ਰੀਤ ਕੌਰ ਨੇ 92 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ | ਜਦੋੋਂਕਿ ਪਵਨਪ੍ਰੀਤ ਸਿੰਘ ਨੇ 90 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਵੱਖ-ਵੱਖ ਵਿਸ਼ਿਆਂ ਵਿਚ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਰੋਜਲਪ੍ਰੀਤ ਕੌਰ ਨੇ ਅੰਗਰੇਜ਼ੀ ਵਿਸ਼ੇ ਵਿਚ 100 ਵਿਚੋਂ 100 ਅੰਕ ਪ੍ਰਾਪਤ ਕੀਤੇ | ਪਲਕਦੀਪ ਕੌਰ ਨੇ ਫਿਜ਼ੀਕਲ ਐਜੂਕੇਸ਼ਨ ਵਿਚ 98 ਅਤੇ ਬਿਜ਼ਨਸ ਸਟੱਡੀਜ਼ ਵਿਚ 99 ਅੰਕ ਪ੍ਰਾਪਤ ਕੀਤੇ | ਜੈਸਮੀਨ ਕੌਰ ਨੇ ਮਿਊਜਿਕ ਵਿਸ਼ੇ ਵਿਚ 97 ਅੰਕ ਪ੍ਰਾਪਤ ਕਰਕੇ ਮਾਣ ਵਧਾਇਆ | ਗੁਰਨੂਰ ਕੌਰ ਨੇ ਇਕਨਾਮਿਕਸ ਵਿਚ 94 ਅਤੇ ਪਲਕਪ੍ਰੀਤ ਕੌਰ ਨੇ ਸ਼ੋਸ਼ਿਆਲੋਜੀ ਵਿਚ 91 ਅੰਕ ਪ੍ਰਾਪਤ ਕਰਕੇ ਵਿਸ਼ੇ ਵਿਚ ਟਾਪ ਕੀਤਾ | ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਕਾਮਯਾਬੀ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ | ਸਕੂਲ ਪ੍ਰਬੰਧਨ ਨੇ ਕਿਹਾ ਕਿ ਇਹ ਨਤੀਜੇ ਸਕੂਲ ਦੀ ਗੁਣਵੱਤਾ ਵਾਲੀ ਸਿੱਖਿਆ, ਅਨੁਸ਼ਾਸਨ ਅਤੇ ਸਮੂਹਿਕ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸਰਵਜੀਤ ਸਿੰਘ ਗਿੱਲ, ਪਿ੍ੰਸੀਪਲ ਜਤਿੰਦਰ ਕੌਰ, ਟਰੱਸਟੀ ਗੁਰਸੇਵਕ ਸਿੰਘ ਅਤੇ ਨਿਸ਼ਾਨ ਸਿੰਘ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਮੈਂਬਰਾਂ ਨੂੰ ਇਸ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਕੇ ਜੀਵਨ ਵਿੱਚ ਉੱਚੀਆਂ ਮੰਜਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ |