ਤਰਨ ਤਾਰਨ, 21 ਮਈ (ਹਰਿੰਦਰ ਸਿੰਘ)-ਸੇਵਾ ਤੇ ਸਿਮਰਨ ਸਿੱਖੀ ਦੇ ਦੋ ਥੰਮ ਮੰਨੇ ਜਾਂਦੇ ਹਨ | ਸਿੱਖ ਇਤਿਹਾਸ ਵਿਚ ਸੇਵਾ ਅਤੇ ਸਿਮਰਨ ਦੀ ਕਮਾਈ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਦਾ ਸਤਿਕਾਰਿਆ ਜਾਂਦਾ ਰਿਹਾ ਹੈ | ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਇਨ੍ਹੀਂ ਦਿਨੀਂ ਆਸਟ੍ਰੇਲੀਆ ਵਿਚ ਗੁਰਮਤਿ ਪ੍ਰਚਾਰ ਫੇਰੀ 'ਤੇ ਹਨ | ਆਪ ਜੀ ਵਲੋਂ ਹੜ੍ਹਾਂ ਦੌਰਾਨ ਪੰਜਾਬ ਦੀ ਧਰਤੀ 'ਤੇ ਵੱਖ-ਵੱਖ ਇਲਾਕਿਆਂ ਵਿਚ ਵੱਡੀਆਂ ਸੇਵਾਵਾਂ ਨਿਭਾਈਆਂ ਗਈਆਂ, ਜਿਨ੍ਹਾਂ ਨੂੰ ਸਿੱਖ ਪੰਥ ਵਲੋਂ ਵਿਸ਼ਵ ਪੱਧਰ 'ਤੇ ਸਨਮਾਨ ਦਿੱਤਾ ਜਾ ਰਿਹਾ ਹੈ, ਜਿਸ ਤੋਂ ਭਵਿੱਖ ਵਿਚ ਹੋਰਨਾਂ ਨੂੰ ਵੀ ਸੇਵਾ ਦੀ ਮਹਾਨ ਪ੍ਰੇਰਨਾ ਮਿਲੇਗੀ | ਅੱਜ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿਚ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਟਾਰਨੇਟ ਵਿਖੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਹੋਇਆ | ਇਸ ਮੌਕੇ ਬੀਬੀ ਜਸਬੀਰ ਕੌਰ ਜੱਸ ਸੁਲਤਾਨਪੁਰ ਲੋਧੀ ਵਾਲਿਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਜੱਸਾ ਸਿੰਘ ਆਹਲੂਵਾਲੀਆ ਦਾ ਜੀਵਨ ਪ੍ਰਸੰਗ ਸਰਵਣ ਕਰਾ ਕੇ ਨਿਹਾਲ ਕੀਤਾ | ਇਸ ਸਮਾਗਮ ਦੌਰਾਨ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਭਰੇ ਦੀਵਾਨ ਵਿਚ ਸਨਮਾਨ ਚਿੰਨ ਭੇਟ ਕੀਤਾ ਗਿਆ | ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਗੁਰਧਿਆਨ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਸੀਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਆਸਟਰੇਲੀਆ ਦੀ ਪਹੁੰਚਣ 'ਤੇ ਹਾਰਦਿਕ 'ਜੀ ਆਇਆਂ ਹਾਂ' ਆਖਦੇ ਹਾਂ | ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਦੀ ਚਲਾਈ ਹੋਈ ਸੰਪਰਦਾਇ ਨੇ ਜੋ ਮਾਨਵਤਾ ਦੀ ਭਲਾਈ ਲਈ ਸੇਵਾਵਾਂ ਨਿਭਾਈਆਂ ਹਨ, ਉਨ੍ਹਾਂ ਦਾ ਕੋਈ ਪਾਰਾਵਾਰ ਨਹੀਂ | ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੇ ਸਾਲ 2023 ਅਤੇ 2025 ਵਿਚ ਜੋ ਟੁੱਟੇ ਦਰਿਆਵਾਂ ਨੂੰ ਬੰਨ੍ਹ ਮਾਰੇ, ਹੜ੍ਹ ਪੀੜਤਾਂ ਲਈ ਰਾਹਤ ਕਾਰਜ ਕੀਤੇ ਅਤੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਸੰਵਾਰ ਕੇ ਬੀਜ ਕੇ ਦਿੱਤੀਆਂ | ਉਸਦੀ ਚਰਚਾ ਸੰਸਾਰ ਭਰ ਵਿਚ ਹੋਈ ਹੈ | ਉਨ੍ਹਾਂ ਨੇ ਅੱਤ ਦੀ ਗਰਮੀ ਵਿਚ ਟੁੱਟੇ ਦਰਿਆਵਾਂ ਨੂੰ ਬੰਨ੍ਹ ਲਗਾਉਣ ਲਈ ਦਿਨ ਰਾਤ ਇਕ ਕਰ ਦਿੱਤਾ | ਹੜ੍ਹ ਪੀੜਤਾਂ ਲਈ ਸਮੂਹ ਲੋੜਾਂ ਦੀ ਪੂਰਤੀ ਕੀਤੀ | ਉਨ੍ਹਾਂ ਵਲੋਂ ਨਿਭਾਈ ਸੇਵਾ ਨੂੰ ਮੁੱਖ ਰੱਖਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਸੰਗਤ ਵਿਚ ਜਸਵੰਤ ਸਿੰਘ ਪ੍ਰਧਾਨ, ਪ੍ਰੀਤਮ ਸਿੰਘ ਸਕੱਤਰ, ਸੰਦੀਪ ਸਿੰਘ ਸਹਾਇਕ ਸਕੱਤਰ, ਮਨਪ੍ਰੀਤ ਸਿੰਘ , ਰਣਦੀਪ ਸਿੰਘ, ਸੁਖਦੀਪ ਸਿੰਘ ਅਮਰੀਕ ਸਿੰਘ, ਤਲਵਿੰਦਰ ਸਿੰਘ, ਹਰਮਨਪ੍ਰੀਤ ਸਿੰਘ ਤੇ ਹੋਰ ਕਈ ਸਤਿਕਾਰਤ ਹਸਤੀਆਂ ਹਾਜ਼ਰ ਸਨ |