ਰੋਹੀ ਪੁਲ 'ਤੇ ਲੱਗੀਆਂ ਰੇਹੜੀਆਂ ਨੂੰ ਨਗਰ ਕੌਂਸਲ ਨੇ ਹਟਾਇਆ
ਅਜੀਤ ਡੈਸਕ
29-05-2026
ਤਰਨ ਤਾਰਨ, 28 ਮਈ (ਹਰਿੰਦਰ ਸਿੰਘ)-ਸਥਾਨਿਕ ਸ਼ਹਿਰ ਦੇ ਰੋਹੀ ਪੁਲ ਉਪਰ ਆਪਣੀ ਰੋਜੀ ਰੋਟੀ ਕਮਾਉਣ ਨੂੰ ਲੈ ਕੇ ਲੋਕਾਂ ਵਲੋਂ ਲਗਾਈਆਂ ਰੇਹੜੀਆਂ ਨੂੰ ਨਗਰ ਕੌਂਸਲ ਤਰਨ ਤਾਰਨ ਵਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਇੱਥੇ ਰੇਹੜੀ ਨਾ ਲਗਾਈਆਂ ਜਾਣ, ਜਿਸ ਦੇ ਚੱਲਦਿਆਂ ਵੀਰਵਾਰ ਨੂੰ ਰੋਹੀ ਪੁਲ ਉਪਰ ਕੋਈ ਵੀ ਫਰੂਟ, ਸਬਜ਼ੀ, ਫਾਸਟ ਫੂਡ ਅਤੇ ਫੜਾਂ ਲਗਾ ਕੇ ਕੱਪੜੇ ਵੇਚਣ ਵਾਲੇ ਦਿਖਾਈ ਨਹੀਂ ਦਿੱਤੇ ਅਤੇ ਉਨ੍ਹਾਂ ਦਾ ਕੰਮਕਾਜ ਬੰਦ ਰਿਹਾ | ਇਸ ਕਾਰਨ ਰੇਹੜੀ ਲਗਾਉਣ ਵਾਲੇ ਲੋਕਾਂ ਵਿਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਰੇਹੜੀ ਲਗਾਉਣ ਵਾਲੇ ਲੋਕਾਂ ਦੱਸਿਆ ਕਿ ਇਥੇ ਲੰਮੇ ਸਮੇਂ ਤੋਂ ਉਹ ਫਰੂਟ, ਸਬਜੀਆਂ ਅਤੇ ਹੋਰ ਸਮਾਨ ਦੀਆਂ ਰੇਹੜੀਆਂ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ | ਉਨ੍ਹਾਂ ਨੂੰ ਕਈ ਵਾਰ ਪਹਿਲਾਂ ਵੀ ਇਥੋਂ ਹਟਾਉਣ ਲਈ ਕਿਹਾ ਗਿਆ ਪਰ ਲੀਡਰਾਂ ਦੇ ਭਰੋਸਾ ਦੇਣ ਤੋਂ ਬਾਅਦ ਉਹ ਦੁਬਾਰਾ ਇਥੇ ਕਾਰੋਬਾਰ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਨਗਰ ਕੌਂਸਲ ਦਾ ਇਕ ਕਰਮਚਾਰੀ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਦੱਸਿਆ ਕਿ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਪੁਲ ਦੇ ਕਿਨਾਰਿਆਂ ਉਪਰ ਫੁੱਲ-ਬੂਟੇ ਲਗਾ ਕੇ ਇਸ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਰੇਹੜੀਆਂ ਅਤੇ ਫੜੀਆਂ ਹਟਾ ਦਿੱਤੀਆਂ ਜਾਣ | ਉਨ੍ਹਾਂ ਕਿਹਾ ਕਿ ਉਹ ਗਰੀਬ ਪਰਿਵਾਰਾਂ ਨਾਲ ਸੰਬਧ ਰੱਖਦੇ ਹਨ ਅਤੇ ਮਾੜੀ ਮੋਟੀ ਰੇਹੜੀ ਲਗਾ ਕੇ ਆਪਣਾ ਰੁਜਗਾਰ ਚਲਾ ਕੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ, ਪਰ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਰੇਹੜੀ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ | ਇਸ ਮੌਕੇ ਰੇਹੜੀ ਯੂਨੀਅਨ ਦੇ ਪ੍ਰਧਾਨ ਰਵੀ ਵਲੋਂ ਸਮੂਹ ਰੇਹੜੀ ਵਾਲਿਆਂ ਨੂੰ ਨਾਲ ਲੈ ਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਨੂੰ ਮਿਲ ਕੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ | ਇਸ ਸੰਬੰਧ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਰੇਹੜੀ ਵਾਲੇ ਉਨ੍ਹਾਂ ਦੇ ਪਾਸ ਆਏ ਸਨ ਅਤੇ ਆਪਣੀ ਮੁਸ਼ਕਿਲ ਸੰਬੰਧੀ ਦੱਸਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਨਗਰ ਕੌਂਸਲ ਤਰਨ ਤਾਰਨ ਦੇ ਈ.ਓ. ਨਾਲ ਇਸ ਸਮੱਸਿਆ ਸੰਬੰਧੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਕੁਝ ਦਿਨਾਂ ਦਾ ਇਨ੍ਹਾਂ ਨੂੰ ਸਮਾਂ ਦਿੱਤਾ ਜਾਵੇ ਕਿਉਂਕਿ ਰੋਹੀ ਪੁਲ ਦੇ ਨਾਲ ਰੇਹੜੀ ਮਾਰਕੀਟ ਤਿਆਰ ਹੋ ਰਹੀ ਹੈ, ਜਿੱਥੇ ਬਾਅਦ ਵਿਚ ਇਨ੍ਹਾਂ ਨੂੰ ਭੇਜ ਦਿੱਤਾ ਜਾਵੇਗਾ |