ਮਾਨਾਂਵਾਲਾ, 28 ਮਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ (ਏ. ਜੀ. ਸੀ.) ਨੇ ਆਪਣਾ ਸਥਾਪਨਾ ਦਿਵਸ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ | ਇਹ ਸਮਾਰੋਹ ਸੰਸਥਾ ਦੀ ਸ਼ਾਨਦਾਰ ਯਾਤਰਾ ਤੇ ਪੂਰੇ ਏ. ਜੀ. ਸੀ. ਪਰਿਵਾਰ ਵਿਚਕਾਰ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਬਣਿਆ | ਸਮਾਗਮ ਦੌਰਾਨ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਅਤੇ ਮਨੋਰੰਜਕ ਗਤੀਵਿਧੀਆਂ ਦਾ ਰੰਗਾਰੰਗ ਸੁਮੇਲ ਦੇਖਣ ਨੂੰ ਮਿਲਿਆ, ਜਿਸ ਨੇ ਸਮਾਰੋਹ ਨੂੰ ਹੋਰ ਵੀ ਅਨੰਦਮਈ ਬਣਾ ਦਿੱਤਾ | ਇਸ ਦੌਰਾਨ ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਡਾਂਸ, ਗੀਤ, ਸ਼ਾਨਦਾਰ ਮਿਮਿਕਰੀ, ਜੋਸ਼ ਭਰਪੂਰ ਭੰਗੜਾ ਅਤੇ ਰੌਚਕ ਖੇਡਾਂ ਵਿਚ ਹਿੱਸਾ ਲੈ ਕੇ ਸਭ ਦਾ ਮਨ ਮੋਹ ਲਿਆ | ਇਸ ਮੌਕੇ ਸੰਸਥਾ ਦੇ ਸਮਰਪਿਤ ਕਰਮਚਾਰੀਆਂ ਨੂੰ ਕਾਲਜ ਦੀ ਤਰੱਕੀ ਅਤੇ ਵਿਕਾਸ ਵਿਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਅਤੇ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਐੱਮ. ਡੀ. ਡਾ. ਰਾਜਨੀਸ਼ ਅਰੋੜਾ ਅਤੇ ਪਿ੍ੰ: ਡਾ. ਗੌਰਵ ਤੇਜਪਾਲ ਨੇ ਏ. ਜੀ. ਸੀ. ਦੇ ਅੱਜ ਤੱਕ ਦੇ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ ਅਤੇ 24 ਸਾਲਾਂ ਦੌਰਾਨ ਪ੍ਰਾਪਤ ਕੀਤੀਆਂ ਮਹੱਤਵਪੂਰਨ ਉਪਲਬੱਧੀਆਂ ਉੱਤੇ ਚਾਨਣਾ ਪਾਇਆ | ਡਾ. ਅਰੋੜਾ ਨੇ ਕਿਹਾ ਕਿ ਏ. ਜੀ. ਸੀ. ਆਪਣੀ ਮਜ਼ਬੂਤ ਅਕਾਦਮਿਕ ਨੀਂਹ ਅਤੇ ਪ੍ਰਗਤੀਸ਼ੀਲ ਸੋਚ ਨਾਲ ਸਿੱਖਿਆ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਸਥਾਪਤ ਕਰਨ ਵੱਲ ਲਗਾਤਾਰ ਅੱਗੇ ਵੱਧ ਰਿਹਾ ਹੈ | ਉਨਾਂ ਨੇ ਇਸ ਸਫਲਤਾ ਦਾ ਸਿਹਰਾ ਏ. ਜੀ. ਸੀ. ਦੀ ਸਮੁੱਚੀ ਟੀਮ ਦੀ ਮਿਹਨਤ, ਸਮਰਪਣ ਅਤੇ ਸਾਂਝੀ ਭਾਵਨਾ ਨੂੰ ਦਿੱਤਾ |