ਤਰਨ ਤਾਰਨ, 29 ਮਈ (ਪਰਮਜੀਤ ਜੋਸ਼ੀ)ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਇਕ ਨਾਬਾਲਗ ਲ਼ੜਕੀ ਨੂੰ ਭਜਾ ਕੇ ਲੈ ਜਾਣ ਦੇ ਮਾਮਲੇ ਵਿਚ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਵਲਟੋਹਾ ਵਿਖੇ ਇਲਾਕੇ ਦੇ ਇਕ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਲੜਕੀ ਜਿਸ ਦੀ ਉਮਰ ਸਾਢੇ 16 ਸਾਲ ਹੈ ਜੋ ਕਿ ਨੌਵੀਂ ਕਲਾਸ ਵਿਚ ਪੜ੍ਹਦੀ ਹੈ | 12 ਮਈ ਨੂੰ ਅਸੀਂ ਸਾਰਾ ਪਰਿਵਾਰ ਰੋਟੀ ਖਾ ਕੇ ਸੌਂ ਗਏ ਜਦੋਂ ਅਗਲੀ ਸਵੇਰ ਉਠ ਕੇ ਦੇਖਿਆ ਤਾਂ ਉਸ ਦੀ ਲੜਕੀ ਘਰ ਵਿਚ ਮੌਜੂਦ ਨਹੀਂ ਸੀ | ਜਿਸ ਦੀ ਕਾਫੀ ਭਾਲ ਕੀਤੀ ਗਈ ਲੇਕਿਨ ਉਸ ਦਾ ਕੋਈ ਪਤਾ ਨਹੀਂ ਚਲਿਆ | ਉਸ ਨੂੰ ਪਤਾ ਲੱਗਾ ਹੈ ਕਿ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਗੁਰਭੇਜ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਕਲੰਜਰ ਉਤਾੜ ਭਜਾ ਕੇ ਲੈ ਗਿਆ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਬਖਸ਼ੀਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |