ਤਰਨ ਤਾਰਨ, 30 ਮਈ (ਇਕਬਾਲ ਸਿੰਘ ਸੋਢੀ)-ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਤੇ ਸੀਨੀਅਰ ਮੈਡੀਕਲ ਹਸਪਤਾਲ ਸਿਵਲ ਹਸਪਤਾਲ ਤਰਨ ਤਾਰਨ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਨੋਡਲ ਅਫ਼ਸਰ ਡਾ. ਹਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਜਾਗਰੂਤਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਜਨਤਕ ਥਾਵਾਂ ਤੇ ਵਿੱਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ/ਸੇਵਨ ਕਰਨਾ ਕਾਨੂੰਨੀ ਜ਼ੁਰਮ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਦਾ ਸੇਵਨ ਕਰਨ ‘ਤੇ ਵੇਚਣ ਦੀ ਮੁਕੰਮਲ ਮਨਾਹੀ ਹੈ। ਸਾਰੇ ਵਿਭਾਗ ਦੇ ਮੁਖੀ ਜਿਨ੍ਹਾਂ ਅਧੀਨ ਜਨਤਕ ਥਾਵਾਂ ਹਨ, ਸਵੈ-ਘੋਸ਼ਣਾ ਪੱਤਰ ਦੇਣਾ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਅਧੀਨ ਸੰਸਥਾ ਵਿਚ ਤੰਬਾਕੂਨੋਸ਼ੀ ਐਕਟ ਪੂਰੀ ਤਰ੍ਹਾਂ ਲਾਗੂ ਹੈ ਅਤੇ ਇਸ ਦੀ ਕਿਸੇ ਵੀ ਕਿਸਮ ਦੀ ਉਲੰਘਣਾ ਨਹੀਂ ਹੋ ਰਹੀ ਅਤੇ ਉਲੰਘਣਾ ‘ਤੇ ਜ਼ੁਰਮਾਨਾ, ਚਲਾਨ ਤੇ ਸਜ਼ਾਵਾਂ ਵੀ ਉਪਲਬੱਧ ਹਨ। ਇਸ ਮੌਕੇ ਡਾ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੋਟੀ ਉਮਰ ਵਿਚ ਤੰਬਾਕੂ ਦੇ ਸੇਵਨ ਅਤੇ ਇਸ ਨੂੰ ਰੋਕਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਵਿਚ 18 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਵਿੱਚ ਖਾਣ ਵਾਲੇ ਤੰਬਾਕੂ ਦਾ ਬਹੁਤ ਰੁਝਾਨ ਵੇਖਿਆ ਗਿਆ ਹੈ ਜਿਵੇਂ ਕਿ ਚੈਨੀ-ਖੈਨੀ, ਜ਼ਰਦਾ ਅਤੇ ਹੁੱਕਾ ਆਦਿ। ਇਸ ਨਾਲ ਮੂੰਹ, ਤਾਲੂ ਤੇ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਵਿਚ 15 ਫੀਸਦੀ ਮੌਤਾਂ, ਜੋ ਕਿ ਦਿਲ ਦੀਆਂ ਬਿਮਾਰੀਆਂ ਨਾਲ ਹੁੰਦੀਆਂ ਹਨ, ਦਾ ਕਾਰਨ (ਐਕਟਿਵ/ਪੈਸਿਵ ਸਮੋਕਿੰਗ) ਹੁੰਦਾ ਹੈ। ਐਕਟਿਵ ਸਮੋਕਿੰਗ ਤੋਂ ਭਾਵ ਹੈ ਜਿਹੜੇ ਲੋਕ ਆਪ ਸਿਗਰੇਟ ਪੀਂਦੇ ਹਨ, ਉਨ੍ਹਾਂ ‘ਤੇ ਤੰਬਾਕੂ ਦੇ ਬੁਰੇ ਪ੍ਰਭਾਵ ਦਾ ਅਸਰ ਹੁੰਦਾ ਹੈ ਅਤੇ ਪੈਸਿਵ ਸਮੋਕਿੰਗ ਤੋਂ ਭਾਵ ਜਿਹੜੇ ਲੋਕ ਆਪ ਤਾਂ ਸਿਗਰੇਟ ਨਹੀਂ ਪੀਂਦੇ, ਪਰ ਸਿਗਰੇਟ ਪੀਣ ਵਾਲਿਆਂ ਦੇ ਸੰਪਰਕ ਵਿਚ ਰਹਿੰਦੇ ਹਨ, ਉਹ ਅਨਜਾਣੇ ਤੌਰ ‘ਤੇ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਤੰਬਾਕੂ ਦੇ ਧੂੂੰਏਂ ਵਿਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ, ਜਿਨ੍ਹਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦਾ ਕੈਂਸਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ‘ਤੇ ਅਤੇ ਹੋਰ ਅਦਾਰਿਆਂ ਦੇ 100 ਗਜ਼ ਦੇ ਘੇਰੇ ਵਿਚ ਖੁੱਲ੍ਹੀ ਸਿਗਰੇਟ ਵੇਚਣ ਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਉਤਪਾਦਨ ਵੇਚਣ ‘ਤੇ ਐਕਟ ਅਨੁਸਾਰ ਮੁਕੰਮਲ ਮਨਾਹੀ ਹੈ। ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਤੇ ਆਮ ਲੋਕਾਂ ਤੋਂ ਇਲਾਵਾ ਮਾਈ ਭਾਗੋ ਕਾਲਜ ਦਾ ਸਟਾਫ, ਭੁਪਿੰਦਰ ਸਿੰਘ ਹੈਲਥ ਸੁਪਰਵਾਈਜ਼ਰ, ਅਮਰਜੀਤ ਸਿੰਘ ਗਿੱਲ ਤੰਬਾਕੂ ਕੋਆਰਡੀਨੇਟਰ, ਆਰੂਸ਼ ਭੱਲਾ ਬੀ. ਸੀ. ਸੀ. ਕੋਆਰਡੀਨੇਟਰ, ਮਨਦੀਪ ਸਿੰਘ ਆਦਿ ਹਾਜ਼ਰ ਸਨ।