ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ)—ਤਰਨ ਤਾਰਨ ਸ਼ਹਿਰ ਪਹਿਲਾਂ ਹੀ ਟਰੈਫਿਕ ਸਮੱਸਿਆ ਨਾਲ ਘਿਰਿਆ ਹੋਇਆ ਹੈ, ਉਥੇ ਨਗਰ ਕੌਂਸਲ ਦੇ ਇਕ ਕਿਰਾਏਦਾਰ ਦੁਕਾਨਦਾਰ ਵਲੋਂ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਸ਼ਹਿਰ ਦੇ ਪ੍ਰਮੁੱਖ ਚੌਂਕ ਚਾਰ ਖੰਭਾ ਵਿਖੇ ਸੜਕ ਦੇ ਵਿਚ ਹੀ ਨਾਜਾਇਜ਼ ਵੱਡਾ ਥੜ੍ਹਾ ਬਣਾ ਦਿੱਤਾ। ਇਹ ਥੜ੍ਹਾ ਬਣਾਉਣ ਲਈ ਦੁਕਾਨਦਾਰ ਨੇ ਐਤਵਾਰ ਦਾ ਦਿਨ ਹੀ ਚੁਣਿਆ, ਕਿਉਂਕਿ ਨਗਰ ਕੌਂਸਲ ਅਤੇ ਹੋਰ ਸਰਕਾਰੀ ਅਦਾਰੇ ਐਤਵਾਰ ਨੂੰ ਬੰਦ ਹੁੰਦੇ ਹਨ। ਇਹ ਮਾਮਲਾ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਜਦ ਨਗਰ ਕੌਂਸਲ ਦੇ ਮੁਲਾਜ਼ਮ ਅਤੇ ਟਰੈਫਿਕ ਪੁਲਿਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਇਹ ਨਾਜਾਇਜ਼ ਬਣ ਰਹੇ ਥੜ੍ਹੇ ਨੂੰ ਰੁਕਵਾਇਆ, ਪਰ ਇਨ੍ਹਾਂ ਸਰਕਾਰੀ ਕਰਮਚਾਰੀਆਂ ਦੇ ਜਾਣ ਦੇ ਕੁਝ ਚਿਰ ਬਾਅਦ ਹੀ ਇਸ ਦੁਕਾਨਦਾਰ ਨੇ ਕੁਝ ਮਜ਼ਦੂਰਾਂ ਨੂੰ ਲਿਆ ਕੇ ਸੜਕ ਵਿਚਾਲੇ ਹੀ ਥੜ੍ਹਾ ਬਣਾ ਦਿੱਤਾ ਅਤੇ ਕਿਸੇ ਵੀ ਅਧਿਕਾਰੀ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕੀਤੀ। ਜਾਣਕਾਰੀ ਅਨੁਸਾਰ ਤਰਨ ਤਾਰਨ ਦੇ ਪ੍ਰਮੁੱਖ ਚਾਰ ਖੰਭਾ ਚੌਂਕ ਵਿਖੇ ਨਗਰ ਕੌਂਸਲ ਤਰਨ ਤਾਰਨ ਦੁਕਾਨਾਂ ਹਨ। ਮੁੱਖ ਚੌਂਕ ਵਿਚ ਨਗਰ ਕੌਂਸਲ ਦਾ ਕਿਰਾਏਦਾਰ ਜੋ ਕਿ ਪੇਂਟ ਆਦਿ ਸਾਮਾਨ ਵੇਚਣ ਦਾ ਕੰਮ ਕਰਦਾ ਹੈ, ਵਲੋਂ ਪਹਿਲਾਂ ਹੀ ਆਪਣੀ ਦੁਕਾਨ ਦੇ ਬਾਹਰ ਇਕ ਥੜ੍ਹਾ ਬਣਾਇਆ ਗਿਆ ਸੀ। ਦੁਕਾਨ ਦੇ ਚੌਂਕ ਵਾਲੇ ਪਾਸੇ ਨਗਰ ਕੌਂਸਲ ਵਲੋਂ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਪਿਸ਼ਾਬਖਾਨਾ ਬਣਾਇਆ ਗਿਆ ਸੀ। ਕੁਝ ਸਮਾਂ ਪਹਿਲਾਂ ਇਥੋਂ ਪਿਸ਼ਾਬਖਾਨਾ ਹਟਾ ਦਿੱਤਾ ਗਿਆ। ਪਿਸ਼ਾਬਖਾਨੇ ਦੇ ਪਿਛਲੇ ਪਾਸੇ ਬਣੇ ਫੁੱਟਪਾਥ ’ਤੇ ਹੀ ਇਕ ਪੱਕੀ ਰੇਹੜੀ ਲੱਗ ਗਈ, ਜੋ ਕਿ ਇਥੋਂ ਲੰਘਣ ਵਾਲੇ ਲੋਕਾਂ ਲਈ ਪਹਿਲਾਂ ਹੀ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਸੀ, ਉਪਰੋਂ ਇਸ ਦੁਕਾਨਦਾਰ ਵਲੋਂ ਐਤਵਾਰ ਦਾ ਦਿਨ ਦੇਖਦਿਆਂ ਹੋਇਆਂ ਸੜਕ ਵਾਲੇ ਪਾਸੇ ਇਕ ਵੱਡਾ ਸੀਮੇਂਟ ਦਾ ਥੜ੍ਹਾ ਬਣਾਉਣਾ ਚਾਲੂ ਕਰ ਦਿੱਤਾ ਤਾਂ ਕੁਝ ਆਸ ਪਾਸ ਦੇ ਦੁਕਾਨਦਾਰਾਂ ਵਲੋਂ ਇਸ ਦਾ ਵਿਰੋਧ ਕਰਕੇ ਸਾਰਾ ਮਾਮਲਾ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ। ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਐਤਵਾਰ ਛੁੱਟੀ ਹੋਣ ਦੇ ਬਾਵਜੂਦ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੁਝ ਮੁਲਾਜ਼ਮਾਂ ਨੂੰ ਮੌਕੇ ’ਤੇ ਭੇਜਿਆ, ਜਿੰਨਾਂ ਨੇ ਇਹ ਕੰਮ ਦੁਕਾਨਦਾਰ ਨੂੰ ਰੋਕਣ ਲਈ ਕਿਹਾ। ਇਸ ਤੋਂ ਇਲਾਵਾ ਟਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਇਸ ਗੈਰ ਕਾਨੂੰਨੀ ਥੜ੍ਹੇ ਨੂੰ ਬਣਾਉਣ ਤੋਂ ਰੋਕਣ ਲਈ ਆਏ, ਪਰ ਉਨ੍ਹਾਂ ਦੇ ਜਾਣ ਦੇ ਕੁਝ ਸਮਾਂ ਬਾਅਦ ਹੀ ਇਸ ਦੁਕਾਨਦਾਰ ਨੇ ਸਾਰੇ ਨਿਯਮਾਂ ਨੂੰ ਪਰ੍ਹੇ ਕਰਦਿਆਂ ਸੀਮੇਂਟ ਦਾ ਵੱਡਾ ਥੜ੍ਹਾ ਸੜਕ ਉਪਰ ਹੀ ਬਣਾ ਦਿੱਤਾ, ਜੋ ਕਿ ਸ਼ਰੇਆਮ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਾ ਦਿਖਾਈ ਦਿੰਦਾ ਹੈ। ਹੁਣ ਵੇਖਣਾ ਇਹ ਹੈ ਕਿ ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀ ਸਾਰੀਆਂ ਧੱਜੀਆਂ ਉਡਾ ਕੇ ਸੜਕ ਕਿਨਾਰੇ ਨਾਜਾਇਜ਼ ਬਣੇ ਥੜ੍ਹੇ ਨੂੰ ਢਾਹ ਕੇ ਕੀ ਕਾਰਵਾਈ ਕਰਦੇ ਹਨ।