ਝਬਾਲ, 7 ਜੁਲਾਈ (ਸੁਖਦੇਵ ਸਿੰਘ)- 1990 ਦੇ ਦਹਾਕੇ ’ਚ ਸ਼ਮਸ਼ਾਨਘਾਟਾਂ ਦੇ ਰਿਕਾਰਡ ਇਕੱਠੇ ਕਰਕੇ ਅਤੇ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰੇ ਗਏ 25000 ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਸਸਕਾਰ ਕਰਨ ਦੀ ਪੜਤਾਲ ਕਰਕੇ ਸਾਰੇ ਦਸਤਾਵੇਜ ਹਾਈਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸੌਂਪਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਵੀ ਘਰੋਂ ਚੁੱਕ ਕੇ ਥਾਣਾ ਝਬਾਲ ਵਿਖੇ ਰੱਖਿਆ ਗਿਆ ਸੀ, ਜਿੱਥੇ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਢਾਹੁਣ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ ਸੀ । ਇਸ ਸੰਬੰਧੀ ਗੱਲਬਾਤ ਕਰਦਿਆਂ ਮਨੁੱਖੀ ਅਧਿਕਾਰ ਕਾਰਕੁੰਨ ਤੇ ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਅਤੇ ਸਰਪ੍ਰਸਤ ਸੁਰਿੰਦਰ ਸਿੰਘ ਘਰਿਆਲਾ ਨੇ ਦੱਸਿਆ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਪੁਲਿਸ ਨੇ ਘਰੋਂ ਚੁੱਕ ਲਿਆ ਅਤੇ ਥਾਣਾ ਝਬਾਲ ਲਿਆ ਕੇ ਉਸ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਖਾਲੜਾ ਕੇਸ ਦੇ ਮੁੱਖ ਗਵਾਹ ਬਣੇ ਐਸ.ਪੀ.ਓ. ਕੁਲਦੀਪ ਸਿੰਘ ਬੱਚੜੇ ਦੇ ਸਾਹਮਣੇ 24 ਅਕਤੂਬਰ 1995 ਨੂੰ ਥਾਣਾ ਝਬਾਲ ਦੇ ਅੰਦਰ ਹੀ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦਿਲਜੀਤ ਦੁਸਾਂਝ ਵਲੋਂ ਬਣਾਈ ਗਈ ਫ਼ਿਲਮ ‘ਸਤਲੁਜ’ ਵੀ ਇਸੇ ਹੀ ਕਹਾਣੀ ’ਤੇ ਅਧਾਰਿਤ ਹੈ, ਜਿਸ ਨੂੰ ਸਰਕਾਰ ਵਲੋਂ ਬੈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਹਾਣੀ ਹਰ ਘਰ ਤੱਕ ਪਹੁੰਚਣੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ 90 ਦੇ ਦਹਾਕੇ ਸਿੰਘ ਕੀ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਥਾਣਾ ਝਬਾਲ ਤਸ਼ੱਦਦ, ਪੁੱਛਗਿੱਛ ਅਤੇ ਹਿਰਾਸਤ ਦਾ ਵੱਡਾ ਕੇਂਦਰ ਸੀ। ਉਨ੍ਹਾਂ ਨੇ ਥਾਣਾ ਝਬਾਲ ਨਾਲ ਜੁੜੇ ਸਾਰੇ ਰਿਕਾਰਡ ਜਨਤਕ ਕਰਨ, ਸਤਲੁਜ ਫਿਲਮ ਚਾਲੂ ਕਰਨ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਝਬਾਲ ਵਿਖੇ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਚ ਦਾ ਪਤਾ ਲੱਗ ਸਕੇ।