ਤਰਨ ਤਾਰਨ, 7 ਜੁਲਾਈ (ਹਰਿੰਦਰ ਸਿੰਘ)– ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ,ਅੰਮ੍ਰਿਤਸਰ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਝਰ ਦੇ ਮਾਰਗ ਦਰਸ਼ਨ ਸਦਕਾ ਤਰਨ ਤਾਰਨ ਜ਼ਿਲ੍ਹੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਚੀਫ਼ ਖਾਲਸਾ ਦੀਵਾਨ ਦੇ ਸਕੂਲਾਂ ਦੇ ਅਧਿਆਪਕਾਂ ਲਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਸੈਮੀਨਾਰਾਂ ਲਗਾਇਆ ਗਿਆ ।ਸੈਮੀਨਾਰ ਦੇ ਪਹਿਲੇ ਦਿਨ ਜਮਾਤ ਛੇਵੀਂ ਤੋਂ ਅੱਠਵੀਂ ਦੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਸੈਮੀਨਾਰ ਕਰਵਾਏ ਗਏ, ਜਿਨਾਂ ਵਿਚੋਂ ਪੰਜਾਬੀ ਮਾਂ ਬੋਲੀ ਦੀ ਸਿੱਖਿਆ ਵਿਚ ਆ ਰਹੀਆਂ ਚੁਣੌਤੀਆਂ, ਅੱਜ ਕੱਲ੍ਹ ਦੇ ਪੇਂਡੂ ਵਿਦਿਆਰਥੀਆਂ ਵਿਚ ਹਿੰਦੀ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨਾ, ਵੈਦਿਕ ਗਣਿਤ ਅਤੇ ਵਰਤੀਆਂ ਜਾਂਦੀਆਂ ਪ੍ਰਯੋਗਸ਼ਾਲਾਵਾਂ ਬਾਰੇ ਜਾਣਕਾਰੀ ਦੇਣਾ ਤੇ ਅੰਗਰੇਜ਼ੀ ਸਿੱਖਣ ਨੂੰ ਮਜ਼ੇਦਾਰ ਬਣਾਉਣ ਆਦਿ ਨੂੰ ਲੈ ਕੇ ਕਾਰਜਸ਼ੀਲ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸਦੇ ਨਾਲ ਹੀ ਸਮਾਜਿਕ ਵਿਗਿਆਨ ਵਿਚ ਪ੍ਰਾਜੈਕਟ ਬੇਸ ਤੇ ਨਕਸ਼ਿਆਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਕਿੰਡਰਗਾਰਟਨ ਅਧਿਆਪਕ ਦੇ ਸੈਮੀਨਾਰਾਂ ਵਿਚ ਗਤੀਵਿਧੀ ਅਧਾਰਤ ਸਿੱਖਿਆ ਬਾਰੇ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਵਿਸ਼ੇਸ਼ ਤੌਰ ’ਤੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਉਣ ਆਏ ਮਾਹਰ ਸੂਰਯ ਵਿਵੇਕ ਨਰੂਲਾ ਤੇ ਵਰੁਣ ਨਯਰ ਵਲੋਂ ਅਧਿਆਪਕਾਂ ਨੂੰ ਵਿਦਿਆਰਥੀਆਂ ਵਿਚ ਨੈਤਿਕ ਅਤੇ ਭਾਵਨਾਤਮਕ ਯੋਗਤਾ ਨੂੰ ਵਧਾਉਣ ਦੇ ਤਰੀਕੇ ਦੱਸੇ ਗਏ। ਤਰਨ ਤਾਰਨ ਬਰਾਂਚ ਦੇ ਪੰਜਾਬੀ ਅਧਿਆਪਕ ਅਤੇ ਅਕਾਦਮਿਕ ਅਧਿਕਾਰੀ ਹਰਪ੍ਰੀਤ ਕੌਰ ਬੈਂਸ ਵਲੋਂ ਅਧਿਆਪਕਾਂ ਨੂੰ ਸ਼ੁਕਰਾਨੇ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਗਿਆ ਕਿ ਸ਼ੁਕਰਾਨਾ ਸਾਡੇ ਜੀਵਨ ਨੂੰ ਭਰਪੂਰਤਾ ਨਾਲ ਭਰ ਦਿੰਦਾ ਹੈ, ਇਸ ਲਈ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਤੀਜੇ ਦਿਨ ਕਿੰਡਰਗਾਰਡਨ ਦੇ ਅਧਿਆਪਕਾਂ ਦਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਭਾਸ਼ਾ ਦੇ ਪੜ੍ਹਨ, ਲਿਖਣ, ਸੁਣਨ ਅਤੇ ਬੋਲਣ ਕੌਸ਼ਲ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਮਾਲਤੀ ਨਾਰੰਗ ਸੁਰ ਸਿੰਘ, ਪ੍ਰਿੰਸੀਪਲ ਅਨਰੀਤ ਕੌਰ ਬਾਵਾ ਝਬਾਲ ਅਤੇ ਸਰਬਜੀਤ ਕੌਰ ਪਿੱਦੀ ਨੇ ਗਤੀਵਿਧੀ ਅਧਾਰਿਤ ਸਿਖਲਾਈ ਦੀ ਚਰਚਾ ਕੀਤੀ ਤੇ ਨਾਲ ਹੀ ਡਾਕਟਰ ਰੁਬੀਨਾ ਸਹਿਦੇਵ ਨੇ ਦੱਸਿਆ ਕਿ ਇੱਕ ਖੁਸ਼ ਮਨ ਅਧਿਆਪਕ ਹੀ ਜਮਾਤ ਨੂੰ ਖੁਸ਼ਹਾਲ ਬਣਾ ਸਕਦਾ ਹੈ। ਚੌਥੇ ਦਿਨ ਬਰਲਿੰਗਟਨ ਪਬਲੀਕੇਸ਼ਨ ਵਲੋਂ ਆਏ ਅੰਗਰੇਜ਼ੀ ਵਿਸ਼ੇ ਦੇ ਮਾਹਿਰ ਸ਼੍ਰੀ ਸ਼ਸ਼ੀ ਭੂਸ਼ਨ, ਉਨ੍ਹਾਂ ਦੇ ਸਾਥੀ ਸਤਬੀਰ ਤੇ ਮੈਡਮ ਰੇਨੂ ਬਾਲਾ ਵਲੋਂ ਸਿੱਖਣ ਸਿਖਾਉਣ ਤਕਨੀਕ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੇ ਤਰੀਕੇ ਦੱਸੇ ਗਏ। ਕਿੰਡਰ ਗਾਰਟਨ ਦੇ ਅਧਿਆਪਕ ਦੇ ਵਲੋਂ ਲਗਾਏ ਗਏ ਸੈਮੀਨਾਰਾਂ ਵਿਚ ਬੁਰਜ ਮਰਹਾਨਾ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪੰਪਲਜੀਤ ਕੌਰ ਨੇ ਲਿਖਣ ਕੌਸ਼ਲ ਤੇ ਪ੍ਰਿੰਸੀਪਲ ਜਸਬੀਰ ਸੈਣੀ ਪੱਟੀ ਨੇ ਇੱਕਵੀਂ ਸਦੀ ਦੇ ਵਿਦਿਆਰਥੀਆਂ ਨਾਲ ਨਜਿੱਠਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਸੁਮਨਜੀਤ ਕੌਰ ਅਰਬਨ ਸਟੇਟ ਕਪੂਰਥਲਾ ਨੇ ਪੜ੍ਹਨ ਕੌਸ਼ਲ ਬਾਰੇ ਜਾਣਕਾਰੀ ਦਿੱਤੀ। ਇਹਨਾਂ ਸੈਮੀਨਾਰਾਂ ਵਿਚ ਪ੍ਰਿੰਸੀਪਲ ਪੰਪਲਜੀਤ ਕੌਰ ਬੁਰਜ ਮਰਹਾਣਾ, ਪ੍ਰਿੰਸੀਪਲ ਸਰਬਜੀਤ ਕੌਰ ਪਿੱਦੀ, ਪ੍ਰਿੰਸੀਪਲ ਮਨੀਸ਼ਾ ਵਰਮਾ ਨੌਸ਼ਹਿਰਾ ਪੰਨੂਆ, ਪ੍ਰਿੰਸੀਪਲ ਸਰਬਜੀਤ ਸਿੰਘ ਆਸਲ ਉਤਾੜ, ਪ੍ਰਿੰਸੀਪਲ ਮਾਲਤੀ ਨਾਰੰਗ ਸੁਰਸਿੰਘ, ਪ੍ਰਿੰਸੀਪਲ ਜਸਬੀਰ ਸੈਣੀ ਪੱਟੀ, ਪ੍ਰਿੰਸੀਪਲ ਸਲੋਨੀ ਘਸੀਟਪੁਰਾ ਤੇ ਪ੍ਰਿੰਸੀਪਲ ਸੁਮਨਜੀਤ ਕੌਰ ਕਪੂਰਥਲਾ ਤੇ ਪ੍ਰਿੰਸੀਪਲ ਅਨੁਰੀਤ ਬਾਵਾ ਝਬਾਲ ਨੇ ਭਾਗ ਲੈ ਰਹੇ ਅਧਿਆਪਕਾਂ ਦੇ ਸਿੱਖਣ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਨਵੀਆਂ ਤਕਨੀਕਾਂ ਦਾ ਉਪਯੋਗ ਕਰਨ ਸਬੰਧੀ ਵੀ ਮਾਰਗਦਰਸ਼ਨ ਕੀਤਾ। ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਐਡੀਸ਼ਨਲ ਆਨਰੇਰੀ ਸਕੱਤਰ, ਸਥਾਨਕ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਇੰਚਾਰਜ ਸਰਦਾਰ ਹਰਜੀਤ ਸਿੰਘ, ਮੀਤ ਪ੍ਰਧਾਨ ਤੇ ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ, ਮੈਂਬਰ ਇੰਚਾਰਜ ਨਵਜੋਤ ਸਿੰਘ ਤੇ ਮੈਂਬਰ ਇੰਚਾਰਜ ਰਣਦੀਪ ਸਿੰਘ ਨੇ ਕਿਹਾ ਕਿ ਇਹ ਸਿੱਖਣ ਪ੍ਰੋਗਰਾਮ ਅਧਿਆਪਕਾਂ ਨੂੰ ਵਿਦਿਆ ਦੇ ਖੇਤਰ ਵਿਚ ਨਵੀਂ ਤਕਨੀਕ ਅਪਣਾਉਣ ਅਤੇ ਉਸ ਨੂੰ ਵਰਤਣ ਵਿੱਚ ਬਹੁਤ ਹੀ ਲਾਭਕਾਰੀ ਸਿੱਧ ਹੋਣਗੇ। ਇਸ ਸੈਮੀਨਾਰ ਵਿਚ ਸਕੂਲ ਦੇ ਪ੍ਰਿੰਸੀਪਲ ਸਤਵੰਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਦਾ ਯੁੱਗ ਤਕਨੀਕੀ ਯੁਗ ਹੈ, ਅੱਜ ਦੇ ਬੱਚਿਆਂ ਨੂੰ ਉਹਨਾਂ ਦੀਆਂ ਰੁਚੀਆਂ ਅਤੇ ਸਮਰੱਥਾ ਦੇ ਅਨੁਸਾਰ ਸਿਖਾਉਣਾ ਬਹੁਤ ਹੀ ਜਰੂਰੀ ਹੈ।