।ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)- ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਸਾਏ ਪਵਿੱਤਰ ਸ਼ਹਿਰ ਤਰਨ ਤਾਰਨ ਵਿਖੇ ਸੁਸ਼ੋਭਿਤ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਹਾੜ੍ਹ ਮਹੀਨੇ ਦੀ ਚੌਦਸ-ਮੱਸਿਆ ਦਾ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮੈਨੇਜਰ ਹਰਜਿੰਦਰ ਸਿੰਘ ਦੇ ਯੋਗ ਪ੍ਰਬੰਧਾਂ ਹੇਠ ਮਨਾਇਆ ਗਿਆ। ਲੱਖਾਂ ਦੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋ ਕਰ ਮਨ ਬਿਰਤੀ ਇਕਾਗਰ ਕਰਕੇ ਗੁਰਬਾਣੀ ਕੀਰਤਨ ਸਰਵਣ ਕੀਤਾ। ਹਜ਼ੂਰੀ ਰਾਗੀ ਜਥਿਆਂ ਵਲੋਂ ਸਾਰਾ ਦਿਨ ਗੁਰਬਾਣੀ ਦੇ ਰਸਭਿੰਨੇ ਸ਼ਬਦ ਕੀਰਤਨ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ ਅਤੇ ਲੰਗਰ ਹਾਲ ਵਿਖੇ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ। ਦੀਵਾਨ ਹਾਲ ਵਿਖੇ ਚੌਦਸ ਮੱਸਿਆ ਸਮੇਂ ਭਾਰੀ ਦੀਵਾਨ ਸੱਜਿਆ, ਜਿਸ ਵਿਚ ਕਵੀਸਰੀ ਦਰਬਾਰ ਅਤੇ ਪ੍ਰਚਾਰਕ ਸਿੰਘਾਂ ਵਲੋਂ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ। ਸਮੂਹ ਸਟਾਫ ਵਲੋਂ ਚੌਦਸ ਅਮਾਵਸ ਸਮੇਂ ਪੂਰੀ ਤਨਦੇਹੀ ਨਾਲ ਡਿਊਟੀਆਂ ਨਿਭਾਈਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਤਹਿ ਦਿਲੋਂ ਜੀ ਆਇਆਂ ਆਖਿਆ। ਇਸ ਮੌਕੇ ਹਰਜਿੰਦਰ ਸਿੰਘ ਮੈਨੇਜ਼ਰ, ਭਗਵੰਤ ਸਿੰਘ ਐਡੀ ਮੈਨੇਜ਼ਰ, ਦਿਲਬਾਗ ਸਿੰਘ ਅਕਾਊਂਟੈਟ, ਰਣਜੀਤ ਸਿੰਘ ਰੀਕਾਰਡ ਕੀਪਰ ਨਾਲ ਸਮੇਤ ਸਮੂਹ ਸਟਾਫ ਹਾਜ਼ਰ ਸੀ।