ਖਾਲੜਾ, 20 ਜੁਲਾਈ (ਜੱਜਪਾਲ ਸਿੰਘ ਜੱਜ)-ਪੰਜਾਬ ਰਾਜ ਊਰਜਾ ਨਿਗਮ ਦੇ ਉਪਮੰਡਲ ਖਾਲੜਾ ਅਧੀਨ ਆਉਂਦੇ ਪਿੰਡ ਖਾਲੜਾ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਮੱਝ ਦੀ ਮੌਤ ਹੋ ਜਾਣ ਦੀ ਖਬਰ ਹੈ। ਮੇਜਰ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਖਾਲੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ 19 ਜੁਲਾਈ ਨੂੰ ਦੁਪਹਿਰੇ ਜਿਹੜੇ ਟਰਾਂਸਫਾਰਮਰ ਤੋਂ ਉਨ੍ਹਾਂ ਨੂੰ ਸਪਲਾਈ ਆਉਂਦੀ ਹੈ, ਉਹ ਟਰਾਂਸਫਾਰਮਰ ਸੜ੍ਹ ਗਿਆ ਸੀ ਅਤੇ ਸ਼ਾਮ ਨੂੰ ਉਨ੍ਹਾਂ ਤੋਂ ਅਗਲੇ ਮੁਹੱਲੇ ਨੂੰ ਜਾਂਦੀ ਬਿਜਲੀ ਵਾਲੇ ਘਰਾਂ ਨੇ ਆਪਣੀ ਬਿਜਲੀ ਚਲਾਉਣ ਲਈ ਹੋਰ ਟਰਾਂਸਫਾਰਮਰ ਤੋਂ ਤਾਰਾਂ ਲਾਅ ਲਈਆਂ ਅਤੇ ਜਿਸ ਕਾਰਨ ਬਿਜਲੀ ਦੀ ਸਪਲਾਈ ਵਾਪਸੀ ਆ ਗਈ ਅਤੇ ਤਾਰਾਂ ਗਰਮ ਹੋਣ ਨਾਲ ਸ਼ੈਡ ਵਿਚ ਕਰੰਟ ਆ ਗਿਆ ਤੇ ਸ਼ੈਡ ਦੇ ਪਾਈਪ ਨਾਲ ਲੱਗਣ ਨਾਲ ਇਕ ਮੱਝ ਮਰ ਗਈ । ਉਨ੍ਹਾਂ ਦੱਸਿਆ ਕਿ ਅੱਜ ਤੋਂ ਛੇ ਮਹੀਨੇ ਕਰੀਬ ਪਹਿਲਾਂ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ, ਵਿਚ ਉਨ੍ਹਾਂ ਦੀ ਇਕ ਗਾਂ ਮਰ ਗਈ ਸੀ। ਪੀੜਤ ਵਿਅਕਤੀ ਨੇ ਪ੍ਰਸ਼ਾਸਨ ਕੋਲ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਿਹਾ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਉਨ੍ਹਾਂ ਨੂੰ ਮੱਝ ਦਾ ਮੁਆਵਜ਼ਾ ਦਿਵਾਇਆ ਜਾਵੇ। ਇਸ ਸੰਬੰਧੀ ਐਸ.ਡੀ.ਓ. ਖਾਲੜਾ ਮਨੋਜ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਜੇਕਰ ਇਸ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਪੜਤਾਲ ਕਰਵਾ ਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।