ਨੌਸ਼ਹਿਰਾ ਪੰਨੂੰਆਂ, 20 ਜੁਲਾਈ (ਦੀਪਕ ਮੈਣੀ)-ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਢੋਟੀਆਂ ਵਿਖੇ ਵਿਦਿਆਰਥੀਆਂ ਵਿਚ ਗਣਿਤ ਪ੍ਰਤੀ ਰੁਚੀ ਪੈਦਾ ਕਰਨ, ਮਾਨਸਿਕ ਗਣਨਾ ਦੀ ਸਮਰੱਥਾ ਨੂੰ ਨਿਖਾਰਨ ਅਤੇ ਤੇਜ਼ੀ ਨਾਲ ਸਹੀ ਉੱਤਰ ਦੇਣ ਦੀ ਯੋਗਤਾ ਵਿਕਸਿਤ ਕਰਨ ਦੇ ਉਦੇਸ਼ ਨਾਲ ‘ਸਪੀਡ ਮੈਥਸ’ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਗਣਿਤਕ ਸਮਝ, ਤੇਜ਼ ਸੋਚ ਅਤੇ ਸਮਾਂ ਪ੍ਰਬੰਧਨ ਦੀ ਸ਼ਾਨਦਾਰ ਯੋਗਤਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਗਣਿਤ ਨਾਲ ਸੰਬੰਧਿਤ ਵੱਖ-ਵੱਖ ਪ੍ਰਸ਼ਨਾਂ ਦੇ ਸਹੀ ਅਤੇ ਤੇਜ਼ ਉੱਤਰ ਦੇਣੇ ਸਨ। ਇਸ ਗਤੀਵਿਧੀ ਨੇ ਵਿਦਿਆਰਥੀਆਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਅਤੇ ਗਣਿਤ ਵਿਸ਼ੇ ਨੂੰ ਹੋਰ ਰੁਚਿਕਰ ਅਤੇ ਸਰਲ ਢੰਗ ਨਾਲ ਸਿੱਖਣ ਲਈ ਪ੍ਰੇਰਿਤ ਕੀਤਾ। ਭਾਗੀਦਾਰਾਂ ਨੇ ਜੋੜ, ਘਟਾਉ, ਗੁਣਾ, ਭਾਗ, ਭਿੰਨਾਂ ਅਤੇ ਤਰਕਸ਼ੀਲ ਪ੍ਰਸ਼ਨਾਂ ਦਾ ਸ਼ੁੱਧਤਾ ਅਤੇ ਤੇਜ਼ੀ ਨਾਲ ਹੱਲ ਕਰਕੇ ਆਪਣੀ ਯੋਗਤਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਮਨਦੀਪ ਕੌਰ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਗਣਿਤ ਵਿਭਾਗ ਦੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਜੇਤੂਆਂ ਅਤੇ ਸਮੂਹ ਭਾਗੀਦਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਤਰਕਸ਼ੀਲ ਸੋਚ, ਸਮੱਸਿਆ ਹੱਲ ਕਰਨ ਦੀ ਯੋਗਤਾ ਅਤੇ ਗਣਿਤ ਪ੍ਰਤੀ ਰੁਚੀ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।