ਸਰਕਾਰ ਬਿਜਲੀ ਕਾਮਿਆਂ ਦੇ ਮਸਲੇ ਹੱਲ ਕਰੇ - ਕਿਸਾਨ ਆਗੂ
ਨੌਸ਼ਹਿਰਾ ਪੰਨੂੰਆ, 25 ਜੁਲਾਈ (ਦੀਪਕ ਮੈਣੀ)– ਤਰਨ ਤਾਰਨ ਦੇ ਕਈ ਇਲਾਕਿਆਂ ਵਿਚ ਟਰਾਂਸਫਾਰਮਰ ਸੜਨ ਤੇ ਹੋਰ ਬਿਜਲੀ ਨੁਕਸ ਪੈਣ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਘਰਾਂ ਦੀ ਜ਼ਿੰਦਗੀ ਅਸਤ ਵਿਅਸਤ ਹੋ ਰਹੀ ਹੈ। ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਬਿਜਲੀ ਕਾਮਿਆਂ ਦੀ ਹੜਤਾਲ ਖਤਮ ਕਰਾਉਣ ਲਈ ਉਨ੍ਹਾਂ ਦੇ ਮਸਲੇ ਤੁਰੰਤ ਹੱਲ ਕਰੇ। ਸ਼ੇਰੋਂ ਖੰਡ ਮਿੱਲ ਮੋਰਚੇ ਤੇ ਇਕੱਤਰ ਸਯੁੰਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਕਿਸਾਨ ਆਗੂ ਤਰਸੇਮ ਸਿੰਘ ਲੁਹਾਰ, ਹਰਜਿੰਦਰ ਸਿੰਘ ਟਾਂਡਾ, ਦਲਜੀਤ ਸਿੰਘ ਦਿਆਲਪੁਰਾ, ਨਛੱਤਰ ਸਿੰਘ ਪੰਨੂ,ਗੁਰਪ੍ਰੀਤ ਸਿੰਘ ਗੰਡੀਵਿੰਡ, ਇੰਦਰਜੀਤ ਸਿੰਘ ਮਰਹਾਣਾ ਨੇ ਕਿਹਾ ਕਿ ਸਰਕਾਰ ਕੁੰਭਕਰਨ ਦੀ ਨੀਂਦ ਨਾਂ ਸੌਂਵੇਂ। ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਿਜਲੀ ਦੀ ਸਪਲਾਈ ਬੰਦ ਹੋਣ ਨਾਲ ਅੱਜ ਦੇ ਜ਼ਮਾਨੇ ਵਿੱਚ ਸਾਰੀ ਜ਼ਿੰਦਗੀ ਖਲੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੰਨੀ ਢੀਠ ਹੋ ਗਈ ਹੈ ਕਿ ਅਹਿਮ ਲੋਕ ਮਸਲਿਆਂ ਵੱਲ ਧਿਆਨ ਹੀ ਨਹੀਂ ਦਿੰਦੀ। ਸ਼ੇਰੋਂ ਖੰਡ ਮਿੱਲ ਸਥਾਨਕ ਲੋਕਾਂ ਦੀ ਮਲਕੀਅਤ ਹੈ। ਇਸਦੇ ਚਾਲੂ ਹੋਣ ਨਾਲ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ ਪਰ ਮੁੱਖ ਮੰਤਰੀ ਮਿੱਲ ਚਲਾਉਣ ਦਾ ਵਾਅਦਾ ਕਰਕੇ ਹੁਣ ਮਿੱਲ ਦੀ 98 ਕਿੱਲੇ ਜ਼ਮੀਨ ਐਧਰ ਓਧਰ ਖਿਲਾਰ ਰਹੀ ਹੈ, ਜੋ ਕਿ ਲੋਕਾਂ ਨਾਲ ਸ਼ਰੇਆਮ ਧੋਖਾ ਹੈ। ਅੱਜ ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰਨ ਤੋਂ ਕੰਨੀ ਕਤਰਾ ਰਹੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਜ ਸਿੰਘ ਗੋਰਖਾ, ਮਹਿੰਦਰ ਸਿੰਘ ਵੇਈਂਪੁਈਂ, ਮਨਜੀਤ ਸਿੰਘ ਬੱਗੂ, ਹਰਭਜਨ ਸਿੰਘ, ਬਲਕਾਰ ਸਿੰਘ ਵਲਟੋਹਾ, ਹਰਦੀਪ ਸਿੰਘ ਰਸੂਲਪੁਰ, ਸੁਖਬਾਜ ਸਿੰਘ ਸਿੱਧੂ, ਜਸਬੀਰ ਸਿੰਘ ਨਿੱਜਰਪੁਰਾ, ਵਰਿਆਮ ਸਿੰਘ ਸਖੀਰਾ, ਮੇਹਰ ਸਿੰਘ ਸਖੀਰਾ, ਜਸਬੀਰ ਸਿੰਘ ਪੰਨੂ, ਜਸਪਾਲ ਸਿੰਘ ਪੰਨੂ ਸਮੇਤ ਕਈ ਆਗੂ ਹਾਜ਼ਰ ਸਨ।
ਬਿਜਲੀ ਗੁੱਲ ਹੋਣ ਨਾਲ ਝੋਨੇ ਦੀ ਫ਼ਸਲ ਸੰਕਟ ’ਚ
ਅਜੀਤ ਡੈਸਕ
26-07-2026