ਤਰਨ ਤਾਰਨ, 28 ਜੁਲਾਈ (ਇਕਬਾਲ ਸਿੰਘ ਸੋਢੀ)- ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (ਸਿਹਤ ਵਿਭਾਗ ਪੰਜਾਬ) ਦੇ ਸਮੂਹ ਕਰਮਚਾਰੀਆਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ । ਕਰਮਚਾਰੀਆਂ ਨੇ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ 31 ਜੁਲਾਈ ਨੂੰ ਸੁਨਾਮ ਵਿਖੇ ਬਲੱਡ ਬੈਂਕ ਦਾ ਉਦਘਾਟਨ ਕਰਨ ਆ ਰਹੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਪੰਜਾਬ ਦਾ ਜ਼ੋਰਦਾਰ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਅਤੇ ਜਨਰਲ ਸਕੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਵਲੋਂ ਪਹਿਲਾਂ 19 ਜੁਲਾਈ ਨੂੰ ਸਿਹਤ ਮੰਤਰੀ ਦੇ ਘਰ ਦਾ ਘਿਰਾਓ ਕਰਨ ਅਤੇ 31 ਜੁਲਾਈ ਨੂੰ ਸੁਨਾਮ ਵਿਖੇ ਵਿਰੋਧ ਪ੍ਰਦਰਸ਼ਨ ਕਰਨ ਦਾ ਉਲੀਕਿਆ ਗਿਆ ਸੀ । ਇਸ ਦੌਰਾਨ ਪਟਿਆਲਾ ਪ੍ਰਸ਼ਾਸਨ ਨੇ ਦਖ਼ਲ ਦਿੰਦੇ ਹੋਏ ਸਿਹਤ ਮੰਤਰੀ ਨਾਲ ਮਿਤੀ 27 ਜੁਲਾਈ ਦੀ ਪੈਨਲ ਮੀਟਿੰਗ ਤੈਅ ਕਰਵਾਈ ਸੀ, ਜਿਸ ਕਾਰਨ ਕਰਮਚਾਰੀਆਂ ਨੇ ਆਪਣਾ 19 ਜੁਲਾਈ ਦਾ ਧਰਨਾ ਮੁਲਤਵੀ ਕਰ ਦਿੱਤਾ ਸੀ ਪ੍ਰੰਤੂ ਇਸ ਮੀਟਿੰਗ ਵਿਚ ਵੀ ਕੋਈ ਸੰਤੁਸ਼ਟੀਜਨਕ ਕਾਰਵਾਈ ਨਹੀਂ ਹੋਈ ਉਪਰੰਤ ਪ੍ਰਧਾਨ ਜਸਮੇਲ ਸਿੰਘ ਦਿਓਲ ਅਤੇ ਜਨਰਲ ਸਕੱਤਰ ਗੁਰਜੰਟ ਸਿੰਘ ਨੇ ਦੋਸ਼ ਲਾਇਆ ਕਿ ਬੀਤੇ ਦਿਨੀਂ 27 ਜੁਲਾਈ ਨੂੰ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਵਿਚ ਵੀ ਕਰਮਚਾਰੀਆਂ ਦੀਆਂ ਮੰਗਾਂ ਦਾ ਕੋਈ ਸਾਰਥਕ ਹੱਲ ਨਹੀਂ ਨਿਕਲਿਆ। ਸਰਕਾਰ ਦੇ ਇਸ ਅੜੀਅਲ ਅਤੇ ਬੇਰੁਖ਼ੀ ਵਾਲੇ ਰਵੱਈਏ ਤੋਂ ਨਿਰਾਸ਼ ਹੋ ਕੇ ਹੁਣ ਸਮੂਹ ਕਰਮਚਾਰੀਆਂ ਨੇ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ ਹੈ। 31 ਜੁਲਾਈ ਨੂੰ ਜਦੋਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਅਤੇ ਸਿਹਤ ਮੰਤਰੀ ਸੁਨਾਮ ਵਿਖੇ ਨਵੇਂ ਬਲੱਡ ਬੈਂਕ ਦਾ ਉਦਘਾਟਨ ਕਰਨ ਪਹੁੰਚਣਗੇ, ਤਾਂ ਏਡਜ਼ ਕੰਟਰੋਲ ਸੁਸਾਇਟੀ ਦੇ ਕਰਮਚਾਰੀ ਉੱਥੇ ਕਾਲੇ ਝੰਡਿਆਂ ਨਾਲ ਸਰਕਾਰ ਦਾ ਪਿੱਟ ਸਿਆਪਾ ਕਰਨਗੇ ।