14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪੱਟੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦਾ ਨਹੀਂ ਹੈ ਕੋਈ ਵਾਲੀ ਵਾਰਸ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ

Ad Position 21
No active advertisement
ਅਜੀਤ ਡੈਸਕ 29-07-2026
ਪੱਟੀ, 28 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)- ਪੱਟੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦਾ ਨਹੀਂ ਹੈ ਕੋਈ ਵਾਲੀ ਵਾਰਸ ਕਿਉਂਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਪੱਟੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਕਾਰਨ ਇਲਾਕਾ ਨਿਵਾਸੀ ਕਈ ਮਹੀਨਿਆਂ ਤੋਂ ਪ੍ਰੇਸ਼ਾਨ ਹੋ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ । ਪੱਟੀ ਸ਼ਹਿਰ ’ਚ ਕੁਝ ਸੜਕਾਂ, ਗਲੀਆਂ ਟੁੱਟੀਆਂ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਨਾਲ ਜਿੱਥੇ ਉਨ੍ਹਾਂ ਦੇ ਵਹੀਕਲ ਨੂੰ ਨੁਕਸਾਨ ਪਹੁੰਚ ਰਿਹਾ ਹੈ, ਉੱਥੇ ਹੀ ਸਿਹਤ ਸੰਬੰਧੀ ਸਮੱਸਿਆਵਾਂ ਵੀ ਆ ਰਹੀਆਂ ਹਨ । ਸੜਕਾਂ ਵਿਚ ਵੱਡੇ-ਵੱਡੇ ਟੋਏ ਪਏ ਹੋਣ ਕਾਰਨ ਲੱਗਦੇ ਝਟਕਿਆਂ ਤੋਂ ਲੋਕਾਂ ਨੂੰ ਸਿਹਤ ਸਬੰਧੀ ਪ੍ਰੇਸ਼ਾਨੀਆਂ ਆਉਂਦੀਆਂ ਹਨ । ਬਰਸਾਤ ਮੌਕੇ ਇਹਨਾਂ ਸੜਕਾਂ ਉਪਰ ਫਿਰਦਾ ਬਾਰਿਸ਼ ਦਾ ਪਾਣੀ ਸੜਕਾਂ ਨੂੰ ਛੱਪੜਾਂ ਦਾ ਰੂਪ ਦੇ ਦਿੰਦਾ ਹੈ। ਸ਼ਹਿਰ ਦੇ ਬਾਜ਼ਾਰਾਂ ਵਿਚ ਜਗ੍ਹਾ-ਜਗ੍ਹਾ ਤੋਂ ਸੀਵਰੇਜ ਦੇ ਮੇਨ ਹੋਲ ਢੱਕਣ ਸੜਕ ਤੋਂ ਉੱਚੇ ਨੀਵੇਂ ਹੋਣ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਇਸੇ ਤਰ੍ਹਾਂ ਪੱਟੀ ਸ਼ਹਿਰ ਦੇ ਖੇਮਕਰਨ ਚੂੰਗੀ ਤੋਂ ਸਰਹਾਲੀ ਰੋਡ ਵਿਚ ਸਾਰੇ ਪਾਸਿਓਂ ਸੜਕ ਦਾ ਬੁਰਾ ਹਾਲ ਹੈ, ਜਗ੍ਹਾ-ਜਗ੍ਹਾ ਤੋਂ ਟੁੱਟ ਚੁੱਕੀ ਹੈ। ਇਸੇ ਸੜਕ ਉੱਪਰ ਪੰਜਾਬ ਰੋਡਵੇਜ਼ ਪੱਟੀ ਦੀ ਵਰਕਸ਼ਾਪ, ਸਰਕਾਰੀ ਆਈ.ਟੀ.ਆਈ.ਪੱਟੀ, ਦਾਣਾ ਮੰਡੀ, ਸਬਜ਼ੀ ਮੰਡੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕੈਂਪਸ ਅਤੇ ਪੱਟੀ ਸ਼ਹਿਰ ਦੇ ਹਸਪਤਾਲ ਵੀ ਸਥਿਤ ਹਨ । ਇਸੇ ਤਰ੍ਹਾਂ ਗਾਰਡਨ ਕਾਲੋਨੀ ਪੱਟੀ ਕੋਲ ਤਰਨ ਤਾਰਨ- ਪੱਟੀ ਸੜਕ ’ਤੇ ਪਏ ਹੋਏ ਵੱਡੇ ਵੱਡੇ ਟੋਏ ਸਰਕਾਰਾਂ ਦੇ ਮੂੰਹ ਚਿੜਾ ਰਹੇ ਹਨ ਪਰ ਵੱਡੀ ਗਿਣਤੀ ’ਚ ਲੰਘਣ ਵਾਲੇ ਲੋਕਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਵੱਡੇ ਟੋਇਆਂ ਤੋਂ ਲੋਕਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਵਲੋਂ ਪੁਲਿਸ ਵਲੋਂ ਵਰਤੇ ਜਾਂਦੇ ਬੈਰੀਗੇਟ ਜਰੂਰ ਲਗਾਏ ਗਏ ਹਨ ਤਾਂ ਜੋ ਕੋਈ ਇਨ੍ਹਾਂ ਡੂੰਘੇ ਟੋਇਆ ਵਿਚ ਡਿੱਗ ਨਾ ਪਵੇ। ਦੂਜੇ ਪਾਸੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੀ ਜੋ ਸੂਬਾ ਪੱਧਰੀ ਹੜਤਾਲ ਚੱਲ ਰਹੀ ਸੀ । ਕੱਲ੍ਹ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨਾਲ ਨੁਮਾਇੰਦਿਆਂ ਦੀ ਮੀਟਿੰਗ ਉਪਰੰਤ ਹੜਤਾਲ ਵਾਪਸ ਲੈ ਲਈ ਗਈ ਸੀ ਪਰ ਪੱਟੀ ਸ਼ਹਿਰ ਵਿਚ ਅਜੇ ਤੱਕ ਸਫਾਈ-ਕਰਮਚਾਰੀਆਂ ਵਲੋਂ ਆਪਣੇ ਕੰਮ ‘ਤੇ ਪਰਤਿਆ ਨਹੀਂ ਗਿਆ। ਗਾਂਧੀ ਸੱਥ ਪੱਟੀ ਸਮੇਤ ਸਾਰੇ ਸ਼ਹਿਰ ਵਿਚ ਕੂੜੇ ਦੇ ਵੱਡੇ ਵੱਡੇ ਢੇਰ ਆਮ ਹੀ ਲੱਗੇ ਹੋਏ ਹਨ, ਜੋ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ । ਇਸ ਮੌਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਾਬਾ ਸੰਤੋਖ ਸਿੰਘ ਪੱਟੀ ਨੇ ਕਿਹਾ ਕਿ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਕਰੀਬ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਪੱਟੀ ਸ਼ਹਿਰ ਵਿਚ ਵਿਕਾਸ ਦੇ ਨਾਮ ‘ਤੇ ਕੋਈ ਕੰਮ ਨਹੀਂ ਹੋਇਆ। ਲੋਕਾਂ ਦੀਆਂ ਚਿਰੋਕਣੀਆਂ ਸਮੱਸਿਆਵਾਂ ਲਟਕਦੀਆਂ ਆ ਰਹੀਆਂ ਹਨ । ਕੁਝ ਦਿਨ ਪਹਿਲਾਂ ਹੀ ਕਲੋਕ ਟਾਵਰ ਚੌਂਕ ਤੋਂ ਲਾਹੌਰ ਰੋਡ ਫਾਟਕ ਤੱਕ ਟੋਇਆ ਨਾਲ ਭਰੀ ਹੋਈ ਸੜਕ ਜਿਸ ਉੱਪਰ ਪ੍ਰੀਮਿਕਸ ਪਾਇਆ ਗਿਆ ਸੀ। ਪਰ ਤਿੰਨ ਦਿਨਾਂ ਵਿਚ ਹੀ ਸਾਰੀ ਬਜਰੀ ਉੱਖੜ ਗਈ ਅਤੇ ਜਗ੍ਹਾ-ਜਗ੍ਹਾ ਫਿਰ ਟੋਏ ਪੈ ਗਏ। ਇਸ ਜਗ੍ਹਾ ਉੱਪਰ ਸਾਬਕਾ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ ਵੀ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਸ ਰਹੇ ਸਨ । ਇਲਾਕਾ ਵਾਸੀਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਨ੍ਹਾਂ ਦਰਪੇਸ਼ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ । ਇਸ ਸਬੰਧੀ ਜਦੋਂ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਆਮ ਆਦਮੀ ਪਾਰਟੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਪੱਟੀ ਹਲਕੇ ਦੇ ਵਿਕਾਸ ਕਾਰਜ ਤੇਜੀ ਨਾਲ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਜੋ ਕਿਸੇ ਕੰਮ ਵਿਚ ਕਿਸੇ ਠੇਕੇਦਾਰ ਜਾਂ ਅਫਸਰ ਵਲੋਂ ਕੁਤਾਹੀ ਕੀਤੀ ਗਈ ਹੈ, ਉਸ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਵਲੋਂ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ’ਚੋਂ ਸਾਮਾਨ ਘੱਟ ਨਿਕਲਣ ’ਤੇ ਖਪਤਕਾਰਾਂ ’ਚ ਰੋਸ ਅਗਲੀ ਖ਼ਬਰ ਜ਼ਿਲ੍ਹਾ ਕੰਜਿਊਮਰ ਫੋਰਮ ਵਲੋਂ ਸਿਵਲ ਸਰਜਨ ਡਾ. ਸੰਦੀਪ ਧਵਨ ਨੂੰ ਕੀਤਾ ਸਨਮਾਨਿਤ
Ad Position 24