ਖਾਲੜਾ, 28 ਜੁਲਾਈ (ਜੱਜਪਾਲ ਸਿੰਘ ਜੱਜ)-ਜਿੱਥੇ ਇਕ ਪਾਸੇ ਭਗਵੰਤ ਮਾਨ ਸਰਕਾਰ ਗਰੀਬ ਜਨਤਾ ਦੇ ਦੁੱਖ ਨੂੰ ਸਮਝਦਿਆਂ ਉਨ੍ਹਾਂ ਨੂੰ ਕਣਕ ਦੇ ਨਾਲ ਰਾਸ਼ਨ ਕਿੱਟਾਂ ਵੰਡ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਲਾਨ ਕੀਤਾ ਗਿਆ ਹੈ ਕਿ ਸੂਬੇ ਵਿਚ 10 ਲੱਖ ਰਾਸ਼ਨ ਕਾਰਡ ਹੋਰ ਬਣਾਏ ਜਾਣਗੇ, ਉਥੇ ਹੀ ਕੁਝ ਡੀਪੂਆਂ ਵਾਲੇ ਪੰਜਾਬ ਸਰਕਾਰ ਵਲੋਂ ਭੇਜੀਆਂ ਰਾਸ਼ਨ ਦੀਆਂ ਕਿੱਟਾਂ ਵਿਚੋਂ ਸਾਮਾਨ ਕੱਢ ਕੇ ਗਰੀਬ ਵਰਗ ਨੂੰ ਚੂਨਾ ਲਗਾ ਰਹੇ ਹਨ । ਗੁਰਸਾਹਿਬ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਖਾਲੜਾ ਨੇ ਪਿੰਡ ਖਾਲੜਾ ਵਿਖੇ ਡੀਪੂ ਹੋਲਡਰ ਭਗਵੰਤ ਸਿੰਘ ਤੋਂ ਲਿਆਂਦੀ ਰਾਸ਼ਨ ਦੀ ਕਿੱਟ ਵਿਖਾਉਂਦਿਆਂ ਦੱਸਿਆ ਕਿ ਜਦੋਂ ਉਸਨੇ ਘਰ ਵਿਚ ਆ ਕੇ ਕਿੱਟ ਖੋਲੀ, ਤਾਂ ਉਸ ਵਿਚੋਂ ਇਕ ਤੇਲ ਦੀ ਬੋਤਲ ਤੇ ਇਕ ਪੈਕਟ ਦਾਲ ਘੱਟ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਗਰੀਬ ਪਰਿਵਾਰਾਂ ਨੂੰ ਮਹਿੰਗਾਈ ਨੇ ਮਾਰਿਆ ਹੋਇਆ ਹੈ ਤੇ ਉੱਪਰੋਂ ਜੋ ਸਰਕਾਰ ਰਸੋਈ ਲਈ ਸਾਮਾਨ ਦੇ ਰਹੀ ਹੈ, ਉਸ ਨੂੰ ਵੀ ਰਾਹ ਵਿਚ ਖਾਧਾ ਜਾ ਰਿਹਾ ਹੈ। ਬਲਜਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਖਾਲੜਾ ਨੇ ਦੱਸਿਆ ਕਿ ਉਸ ਨੇ ਵੀ ਉਕਤ ਡੀਪੂ ਹੋਲਡਰ ਤੋਂ ਹੀ ਰਾਸ਼ਨ ਦੀ ਕਿੱਟ ਲਿਆਂਦੀ ਸੀ ਅਤੇ ਉਸ ਦੀ ਕਿੱਟ ’ਚੋਂ ਵੀ ਇਕ ਬੋਤਲ ਤੇਲ ਤੇ ਇਕ ਕਿੱਲੋ ਖੰਡ ਤੇ ਇਕ ਪੈਕਟ ਹਲਦੀ ਦਾ ਘੱਟ ਨਿਕਲਿਆ ਹੈ ਅਤੇ ਇਸ ਵਿਚ ਹੈਰਾਨੀ ਤਾਂ ਇਹ ਗੱਲ ਦੀ ਹੈ ਕਿ ਸਰਕਾਰ ਵਲੋਂ ਰੋਸ਼ਨ ਕਿੱਟ ’ਤੇ ਮਾਰੀ ਹੋਈ ਸਿਲਾਈ ਖੋਲ੍ਹੀ ਗਈ ਹੈ ਅਤੇ ਉਸ ਉੱਪਰ ਦੁਬਾਰਾ ਸਿਲਾਈ ਕੀਤੀ ਗਈ ਹੈ, ਜਿਸ ਤੋਂ ਸਪੱਸ਼ਟ ਦਿਸ ਰਿਹਾ ਹੈ ਕਿ ਇਸ ਵਿਚ ਕੋਈ ਘਾਲਾ-ਮਾਲਾ ਹੋਇਆ ਹੈ। ਸਰਬਜੀਤ ਕੌਰ ਪਤਨੀ ਗੁਰਵੇਲ ਸਿੰਘ ਵਾਸੀ ਖਾਲੜਾ ਨੇ ਦੱਸਿਆ ਕਿ ਉਸ ਦੀ ਰਾਸ਼ਨ ਕਿੱਟ ਵਿਚੋਂ ਇਕ ਤੇਲ ਦੀ ਬੋਤਲ ਘੱਟ ਨਿਕਲੀ ਹੈ, ਉਸ ਨੇ ਸੰਬੰਧਿਤ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾਂ ਹੀ ਗਰੀਬ ਵਰਗ ਮਹਿੰਗਾਈ ਦੀ ਚੱਕੀ ਵਿਚ ਪਿਸ ਰਿਹਾ ਹੈ ਅਤੇ ਉੱਪਰੋਂ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਰੀਬਾਂ ਦੇ ਦੁੱਖ ਦਰਦ ਸਮਝਦਿਆਂ ਕੋਈ ਸਹੂਲਤ ਦਿੰਦਾ ਹੈ ਤਾਂ ਉਸ ਨੂੰ ਇਹ ਡੀਪੂ ਹੋਲਡਰ ਰਾਹ ਵਿਚ ਹੀ ਖਾ ਲੈਂਦੇ ਹਨ। ਇਸ ਸੰਬੰਧੀ ਜਦੋਂ ਡੀਪੂ ਹੋਲਡਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੋਈ ਸਪੱਸ਼ਟ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਆ ਕਿ ਉਸ ਕੋਲ 270 ਰਾਸ਼ਨ ਕਾਰਡ ਹਨ ਅਤੇ ਮਹਿਕਮੇ ਵਲੋਂ ਉਸ ਨੂੰ 250 ਰਾਸ਼ਨ ਕਿੱਟਾਂ ਦਿੱਤੀਆਂ ਗਈਆਂ ਹਨ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਦੁਬਾਰਾ ਸਿਲਾਈ ਕੀਤੀ ਹੈ ਅਤੇ ਇਸ ਵਿਚੋਂ ਸਾਮਾਨ ਕਿਉਂ ਘੱਟ ਹੈ ਤਾਂ ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਡੀ.ਐਫ.ਐਸ.ਸੀ. ਇੰਸਪੈਕਟਰ ਜਗਦੀਪ ਸਿੰਘ ਢਿੱਲੋਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਹ ਡੀਪੂ ਹੋਲਡਰ ਉਨ੍ਹਾਂ ਅਧੀਨ ਹੈ ਅਤੇ ਜੇਕਰ ਇਸ ਵਿਚ ਕੁਝ ਗਲਤ ਹੋਇਆ ਹੈ ਤਾਂ ਇਸ ਦੀ ਤਫਤੀਸ਼ ਬਾਰੀਕੀ ਨਾਲ ਕੀਤੀ ਜਾਵੇਗੀ। ਏ.ਐਫ.ਐਸ.ਓ. ਬਲਜੀਤ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਖਪਤਕਾਰਾਂ ਲਈ ਪੂਰੀਆਂ ਰਾਸ਼ਨ ਕਿੱਟਾਂ ਭੇਜੀਆਂ ਗਈਆਂ ਹਨ ਅਤੇ ਹਰੇਕ ਕਿੱਟ ਵਿਚ ਪੂਰਾ ਸਾਮਾਨ ਹੈ। ਉਨ੍ਹਾਂ ਕਿਹਾ ਕਿ ਜੇਕਰ ਲਾਭਪਾਤਰੀਆਂ ਨੂੰ ਰਾਸ਼ਨ ਕਿੱਟ ਵਿਚ ਪੂਰਾ ਸਮਾਨ ਨਹੀਂ ਮਿਲਿਆ ਤਾਂ ਇਸ ਦੀ ਬਾਰੀਕੀ ਨਾਲ ਜਾਂਚ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਡੀ.ਐਫ.ਐਸ.ਸੀ. ਤਰਨ ਤਾਰਨ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਉਨ੍ਹਾਂ ਫੋਨ ਨਹੀਂ ਚੁੱਕਿਆ।