ਪੱਟੀ, 31 ਜੁਲਾਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਦਿਹਾਤੀ ਮਜ਼ਦੂਰ ਸਭਾ ਵਲੋਂ ਪੁਲਿਸ ਵਧੀਕੀਆਂ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪੁਲਿਸ ਚੌਕੀ ਤੂਤ ਅੱਗੇ ਵਿਸ਼ਾਲ ਧਰਨਾ ਜਥੇਬੰਦੀ ਦੇ ਸੀਨੀਅਰ ਆਗੂ ਚੰਦ ਸਿੰਘ ਤੂਤ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਔਰਤਾਂ ਤੇ ਮਰਦਾਂ ਨੇ ਸ਼ਮੂਲੀਅਤ ਕਰਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਨੇ ਦੋਸ਼ ਲਾਇਆ ਕਿ ਪਿਛਲੇ ਦਿਨੀਂ ਪਿੰਡ ਤੂਤ ਦੇ ਖੇਤ ਮਜ਼ਦੂਰ ਮੁਖਤਿਆਰ ਸਿੰਘ ਦੇ ਘਰ ’ਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਦਾਤਰਾਂ, ਕਿਰਪਾਨਾਂ ਅਤੇ ਪਿਸਤੌਲਾਂ ਨਾਲ ਕਥਿਤ ਕਾਤਲਾਨਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਘਰ ਦਾ ਗੇਟ ਦਾਤਰਾਂ ਨਾਲ ਵੱਢ ਦਿੱਤਾ ਅਤੇ ਘਰ ਦੀਆਂ ਔਰਤਾਂ ਨਾਲ ਗਾਲੀ-ਗਲੋਚ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ 6 ਦਿਨ ਪਹਿਲਾਂ ਪੁਲਿਸ ਚੌਕੀ ਤੂਤ ਦੇ ਇੰਚਾਰਜ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਪਰ ਅਜੇ ਤੱਕ ਕਿਸੇ ਵੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਚੌਕੀ ਇੰਚਾਰਜ ਨਿਰਪੱਖ ਢੰਗ ਨਾਲ ਕੰਮ ਕਰਨ ਦੀ ਬਜਾਇ ਸਿਆਸੀ ਪ੍ਰਭਾਵ ਹੇਠ ਕੰਮ ਕਰ ਰਿਹਾ ਹੈ। ਜਥੇਬੰਦੀ ਦੇ ਆਗੂਆਂ ਨੇ ਡੀ. ਐੱਸ. ਪੀ. ਪੱਟੀ ਅਤੇ ਐੱਸ. ਐੱਚ. ਓ. ਸਦਰ ਪੱਟੀ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਦਿਹਾਤੀ ਮਜ਼ਦੂਰ ਸਭਾ ਵਲੋਂ ਪੁਲਿਸ ਚੌਕੀ ਤੂਤ ਖ਼ਿਲਾਫ਼ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਚੂੰਘ, ਦਿਆਲ ਸਿੰਘ ਲੋਹਕਾ, ਜਸਵੰਤ ਸਿੰਘ ਭਿੱਖੀਵਿੰਡ, ਕਿਸਾਨ ਆਗੂ ਬਿੱਕਰ ਸਿੰਘ ਭਗਵਾਨਪੁਰਾ, ਬਲਵੀਰ ਸਿੰਘ ਪੂਨੀਆ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਲਾਜ਼ਰ ਲਾਖਣਾ, ਤਹਿਸੀਲ ਪ੍ਰਧਾਨ ਗੱਜਣ ਸਿੰਘ ਨਾਰਲਾ, ਸੁਖਦੇਵ ਸਿੰਘ ਬੱਬੀ ਸਮੇਤ ਹੋਰ ਆਗੂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਜਦ ਇਸ ਸੰਬੰਧੀ ਚੌਂਕੀ ਇੰਚਾਰਜ ਤੂਤ ਦੇ ਇੰਚਾਰਜ ਨਾਲ ਫੋਨ ’ਤੇ ਰਾਬਤਾ ਕਾਇਮ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਸੁਣਨਾ ਮੁਨਾਸਿਬ ਨਹੀਂ ਸਮਝਿਆ।