ਲੁਧਿਆਣਾ, 3 ਜਨਵਰੀ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਰਿਹਾਇਸ਼ੀ ਇਲਾਕਿਆਂ ਅੰਦਰ ਬਣੇ ਕਬਾੜ ਦੇ ਗੋਦਾਮ ਸ਼ਹਿਰਵਾਸੀਆਂ ਲਈ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ | ਨਿਯਮਾਂ ਦੀ ਖੱੁਲ੍ਹੀ ਉਲੰਘਣਾ, ਅੱਗ ਸੁਰੱਖਿਆ ਪ੍ਰਬੰਧਾਂ ਦੀ ਕਮੀ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਅਜਿਹੇ ਗੋਦਾਮ ਕਿਸੇ ਵੀ ਸਮੇਂ ਵੱਡੇ ਹਾਦਸੇ ਨੰੂ ਜਨਮ ਦੇ ਸਕਦੇ ਹਨ | ਸ਼ਨੀਵਾਰ ਨੰੂ ਸਲੇਮਟਾਬਰੀ ਵਿਖੇ ਪੀਰੂ ਮੁਹੱਲਾ ਬੰਦਾ ਵਿਚ ਵਾਪਰੀ ਅੱਗ ਦੀ ਘਟਨਾ ਨੇ ਇਕ ਵਾਰ ਫਿਰ ਇਸ ਗੰਭੀਰ ਸਮੱਸਿਆ ਵੱਲ ਧਿਆਨ ਖਿੱਚਿਆ ਹੈ | ਪੀਰੂ ਮੁਹੱਲਾ ਵਿਖੇ ਸਥਿਤ ਇਕ ਕਬਾੜ ਦੇ ਗੋਦਾਮ ਨੰੂ ਅਚਾਨਕ ਅੱਗ ਲੱਗ ਗਈ | ਗੋਦਾਮ ਦੇ ਉਪਰੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਉਠਦਾ ਦੇਖ ਕੇ ਇਲਾਕੇ ਵਿਚ ਅਫ਼ਰਾ-ਤਫ਼ਰੀ ਮੱਚ ਗਈ | ਡਰ ਦੇ ਮਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ 'ਤੇ ਕੁੱਝ ਸਮੇਂ ਲਈ ਪੂਰਾ ਇਲਾਕਾ ਦਹਿਸ਼ਤ ਦੇ ਸਾਏ 'ਚ ਰਿਹਾ | ਜਾਣਕਾਰੀ ਮੁਤਾਬਿਕ ਪਹਿਲਾ ਗੋਦਾਮ ਮਾਲਕ ਅਤੇ ਉਸਦੇ ਕਰਮਚਾਰੀਆਂ ਵਲੋਂ ਆਪਣੇ ਪੱਧਰ 'ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਬੇਕਾਬੂ ਹੋ ਗਈ | ਇਸ ਤੋਂ ਬਾਅਦ ਫਾਇਰ ਬਿ੍ਗੇਡ ਨੰੂ ਸੂਚਿਤ ਕੀਤਾ ਗਿਆ | ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਅਮਲੇ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ | ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਦੀ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਅੱਗ ਲੱਗਣ ਦੇ ਕਾਰਨ ਹਾਲੇ ਤਕ ਸਪਸ਼ਟ ਨਹੀਂ ਸਕੇ ਹਨ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਦਾਮ ਵਿਚ ਰੱਖੇ ਸਾਮਾਨ ਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗਾਂਧੀ ਨਗਰ ਨੇੜੇ ਬਸੰਤ ਨਗਰ ਗਲੀ ਨੰਬਰ 6 ਵਿਚ ਸਥਿਤ ਇਕ ਬਹੂਮੰਜ਼ਿਲਾਂ ਕਬਾੜ ਦੇ ਗੋਦਾਮ ਨੰੂ ਵੀ ਭਿਆਨਕ ਅੱਗ ਲੱਗੀ ਸੀ | ਇਸ ਅੱਗ ਕਾਂਡ ਵਿਚ ਗੋਦਾਮ ਦੀਆਂ ਉਪਰਲੀਆਂ ਮੰਜ਼ਿਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਸਨ ਅਤੇ ਨਾਲ ਲਗਦੇ ਰਿਹਾਇਸ਼ੀ ਘਰਾਂ ਨੰੂ ਵੀ ਭਾਰੀ ਨੁਕਸਾਨ ਪਹੁੰਚਿਆ ਸੀ | ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਨਿਗਮ ਪ੍ਰਸ਼ਾਸਨ ਤੇ ਸਬੰਧਿਤ ਵਿਭਾਗਾਂ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਰਿਹਾਇਸ਼ੀ ਇਲਾਕਿਆਂ ਵਿਚ ਚੱਲ ਰਹੇ ਕਬਾੜ ਦੇ ਗੋਦਾਮਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਭਵਿੱਖ ਵਿਚ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਤਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਪੀਰੂ ਮੁਹੱਲਾ ਸਮੇਤ ਸਾਰੇ ਇਲਾਕਿਆਂ ਵਿਚ ਅਜਿਹੇ ਗੋਦਾਮਾਂ ਦੀ ਤੁਰੰਤ ਜਾਂਚ ਕਰਕੇ ਉਨ੍ਹਾਂ ਨੰੂ ਬੰਦ ਕੀਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਕਾਨੰੂਨੀ ਕਾਰਵਾਈ ਕੀਤੀ ਜਾਵੇ |