ਲੁਧਿਆਣਾ, 3 ਜਨਵਰੀ (ਭੁਪਿੰਦਰ ਸਿੰਘ ਬੈਂਸ)-ਸ਼ਿਵਪੁਰੀ ਇਲਾਕੇ ਵਿਚ ਬੁੱਢੇ ਨਾਲੇ ਉਤੇ ਬਣੇ ਨਵੇਂ ਪੁਲ ਦੇ ਕੋਲ ਨਾਜਾਇਜ਼ ਕਬਜ਼ਾ ਹਟਾਉਣ ਲਈ ਪਹੁੰਚੀ ਨਗਰ ਨਿਗਮ ਦੀ ਟੀਮ ਨੂੰ ਉਸ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਕਬਜ਼ਾਧਾਰੀ ਨਿਹੰਗ ਸਿੰਘਾਂ ਨਾਲ ਤਣਾਅਪੂਰਨ ਸਥਿਤੀ ਬਣ ਗਈ | ਹਾਲਾਤ ਖਰਾਬ ਹੁੰਦੇ ਦੇਖ ਨਿਗਮ ਅਮਲੇ ਨੰੂ ਬਿਨਾ ਕੋਈ ਠੋਸ ਕਾਰਵਾਈ ਕੀਤੇ ਵਾਪਸ ਪਰਤਣਾ ਪਿਆ | ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ੋਨ ਏ ਦੇ ਏ.ਟੀ.ਪੀ. ਗੁਰਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਨਿਗਮ ਵਲੋਂ ਉਕਤ ਜ਼ਮੀਨ ਸੰਬੰਧੀ ਕਬਜ਼ਾਧਾਰੀਆਂ ਨੂੰ ਆਪਣੇ ਮਲਕੀਅਤ ਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ, ਪਰ ਨਿਹੰਗ ਸਿੰਘ ਨਿਗਮ ਅੱਗੇ ਕੋਈ ਵੀ ਵੈਧ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ | ਉਨ੍ਹਾਂ ਦੱਸਿਆ ਕਿ ਪਹਿਲਾਂ ਕਬਜ਼ਾਧਾਰੀਆਂ ਵਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਹ ਆਪਣਾ ਕਬਜ਼ਾ ਖੁਦ ਹਟਾ ਦੇਣਗੇ, ਪਰ ਹਕੀਕਤ ਵਿਚ ਸਿਰਫ਼ ਥੋੜ੍ਹਾ ਜਿਹਾ ਹਿੱਸਾ ਟੀ ਹਟਾਇਆ ਗਿਆ | ਏ.ਟੀ.ਪੀ. ਨੇ ਕਿਹਾ ਕਿ ਜਦੋਂ ਅੱਜ ਨਿਗਮ ਦੀ ਟੀਮ ਦੁਬਾਰਾ ਨਾਜਾਇਜ਼ ਕਬਜ਼ਾ ਹਟਾਉਣ ਲਈ ਮੌਕੇ 'ਤੇ ਪੁੱਜੀ ਤਾਂ ਕਬਜ਼ਾਧਾਰੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ | ਉਨ੍ਹਾਂ ਦੱਸਿਆ ਕਿ ਪੂਰਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਉਨ੍ਹਾਂ ਦੇ ਹੁਕਮਾਂ ਅਨੁਸਾਰ ਕੀਤੀ ਜਾਵੇਗੀ |