ਲੁਧਿਆਣਾ, 3 ਜਨਵਰੀ (ਡਾ. ਤਰਲੋਚਨ ਸਿੰਘ)-ਨਵੇਂ ਸਾਲ ਦੇ ਸ਼ੁੱਭ ਮੌਕੇ 'ਤੇ ਦਿਆਨੰਦ ਹਸਪਤਾਲ ਵਲੋਂ ਆਮ ਜਨਤਾ ਨੂੰ ਤੋਹਫ਼ਾ ਦਿੰਦਿਆਂ ਜਨਰਲ ਓ.ਪੀ.ਡੀ. ਫ਼ੀਸ 120 ਰੁਪਏ ਤੋਂ ਘਟਾ ਕੇ ਕੇਵਲ 20 ਰੁਪਏ ਕਰ ਦਿੱਤੀ ਹੈ ਤਾਂ ਜੋ ਹਰ ਵਿਅਕਤੀ ਘੱਟ ਖਰਚੇ 'ਤੇ ਮਾਹਿਰ ਡਾਕਟਰਾਂ ਤੋਂ ਸਲਾਹ ਲੈ ਸਕੇ | ਇਸ ਪਹਿਲ ਨਾਲ ਲੋਕ ਸਮੇਂ ਸਿਰ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਕਰਵਾ ਸਕਣਗੇ | ਓ.ਪੀ.ਡੀ. ਫ਼ੀਸ ਘਟਾਉਣ ਨਾਲ ਸਿਹਤ ਸੇਵਾਵਾਂ ਪਰਿਵਾਰਾਂ ਲਈ ਹੋਰ ਵੀ ਸਸਤੀ ਬਣਨਗੀਆਂ, ਲੋਕ ਬਿਮਾਰੀ ਦੇ ਸ਼ੁਰੂਆਤੀ ਪੜਾਅ 'ਤੇ ਹੀ ਡਾਕਟਰਾਂ ਨਾਲ ਸੰਪਰਕ ਕਰਨਗੇ, ਛੋਟੀਆਂ ਬਿਮਾਰੀਆਂ ਗੰਭੀਰ ਹੋਣ ਤੋਂ ਰੁਕਣਗੀਆਂ ਅਤੇ ਹਰ ਕਿਸੇ ਨੂੰ ਬਿਨਾਂ ਵਿੱਤੀ ਬੋਝ ਦੇ ਉੱਚ ਪੱਧਰੀ ਚਿਕਿਤਸਾ ਸੇਵਾਵਾਂ ਮਿਲ ਸਕਣਗੀਆਂ | ਇਸ ਮੌਕੇ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਕਿਹਾ ਕਿ ਅਸੀਂ ਆਮ ਜਨਤਾ ਨੂੰ ਇਹ ਸੁਵਿਧਾ ਪ੍ਰਦਾਨ ਕਰਕੇ ਬਹੁਤ ਖੁਸ਼ ਹਾਂ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਕਿਹਾ ਕਿ ਮਰੀਜ਼ਾਂ ਦੀ ਸੰਭਾਲ ਸਦਾ ਤੋਂ ਸਾਡੀ ਪਹਿਲੀ ਤਰਜੀਹ ਰਹੀ ਹੈ | ਇਹ ਪਹਿਲ ਹੋਰ ਵੱਧ ਲੋਕਾਂ ਨੂੰ ਬਿਮਾਰੀ ਦੇ ਸ਼ੁਰੂਆਤੀ ਦੌਰ ਵਿਚ ਹੀ ਡਾਕਟਰਾਂ ਨਾਲ ਸਲਾਹ ਕਰਨ ਅਤੇ ਕੇਵਲ 20 ਰੁਪਏ ਦੀ ਨਾਮਾਤਰ ਰਕਮ 'ਤੇ ਸਮੇਂ ਸਿਰ ਇਲਾਜ ਲੈਣ ਲਈ ਪ੍ਰੇਰਿਤ ਕਰੇਗੀ |